ਤਿੰਨ ਮੰਜਿਲਾ ਬਿਲਡਿੰੰਗ ਡਿੱਗਣ ਨਾਲ ਦੋ ਦੀ ਮੌਤ ਇੰਦੌਰ, 23 ਸਤੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਇੰਦੌਰ ਦੇ ਰਾਣੀਪੁਰਾ ਖੇਤਰ ਵਿੱਚ ਇੱਕ ਤਿੰਨ ਮੰਜਿ਼ਲਾ ਬਿਲਡਿੰਗ ਦੇ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।ਇਥੇ ਹੀ ਬਸ ਨਹੀਂ ਤਿੰਨ ਮਹੀਨਿਆਂ ਦੀ ਬੱਚੀ ਸਮੇਤ 12 ਜਣੇ ਹੋਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੀ ਦੱਸਿਆ ਕੁਲੈਕਟਰ ਨੇ ਇੰਦੌਰ ਦੇ ਕੁਲੈਕਟਰ ਸਿ਼ਵਮ ਵਰਮਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਰਫੀਉਦੀਨ ਦੀ ਧੀ ਅਲਫੀਆ (20) ਅਤੇ ਫਹੀਮ ਦੀ ਮੌਤ ਹੋ ਗਈ। ਅਲਫੀਆ ਨੂੰ ਸਵੇਰੇ 1:30 ਵਜੇ ਦੇ ਕਰੀਬ ਬਰਾਮਦ ਕੀਤਾ ਗਿਆ, ਜਦੋਂ ਕਿ ਫਹੀਮ ਦੀ ਲਾਸ਼ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਬਰਾਮਦ ਕੀਤੀ ਗਈ। ਸਾਰੇ ਜ਼ਖਮੀਆਂ ਨੂੰ ਐਮਵਾਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਬਾਰੇ ਪਤਾ ਚਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਮੌਕੇ ਤੇ ਹਾਦਸੇ ਦੀ ਸੂਚਨਾ ਮਿਲਦੇ ਹੀ ਕੁਲੈਕਟਰ ਸ਼ਿਵਮ ਵਰਮਾ ਅਤੇ ਪੁਲਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਸਮੇਤ ਕਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ `ਤੇ ਪਹੁੰਚੇ। ਨਗਰ ਨਿਗਮ ਦੇ ਅਧਿਕਾਰੀ, ਮੇਅਰ ਪੁਸ਼ਯਮਿੱਤਰ ਭਾਰਗਵ, ਭਾਜਪਾ ਵਿਧਾਇਕ ਗੋਲੂ ਸ਼ੁਕਲਾ ਅਤੇ ਕਈ ਜਨ ਪ੍ਰਤੀਨਿਧੀ ਵੀ ਮੌਕੇ `ਤੇ ਪਹੁੰਚੇ।ਘਟਨਾ ਸਥਾਨ `ਤੇ ਵੱਡੀ ਭੀੜ ਇਕੱਠੀ ਹੋ ਗਈ, ਜਿਸ ਨੂੰ ਪੁਲਿਸ ਨੇ ਖਿੰਡਾ ਦਿੱਤਾ। ਬਿਜਲੀ ਕੰਪਨੀ ਨੇ ਇਲਾਕੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ। ਬਚਾਅ ਟੀਮ ਨੇ ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਬਿਜਲੀ ਦੀਆਂ ਲਾਈਨਾਂ ਕੱਟ ਦਿੱਤੀਆਂ।
