ਪੁਰਾਣੀ ਛੱਤ ਢਾਹੁਣ ਗਏ ਦੋ ਵਿਅਕਤੀਆਂ ਦੀ ਹੋਈ ਮੌਤ ਜਲੰਧਰ, 27 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਇਕ ਖੇਤਰ ਵਿਚ ਪੁਰਾਣੀ ਛੱਤ ਢਾਹੁਣ ਗਏ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਟਰਾਂਸਪੋਰਟ ਨਗਰ ਇਲਾਕੇ ਵਿਚ ਇਕ ਪੁਰਾਣੀ ਛੱਤ ਢਾਹੁੰਦੇ ਸਮੇਂ ਅਚਾਨਕ ਛੱਤ ਡਿੱਗ ਗਈ, ਜਿਸ ਕਾਰਨ ਚਾਚਾ-ਭਤੀਜਾ ਮਲਬੇ ਹੇਠ ਦੱਬ ਗਏ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬੁਲੰਦਪੁਰ ਦੇ ਰਹਿਣ ਵਾਲੇ ਦਿਨੇਸ਼ ਸਾਹਨੀ (38) ਤੇ ਰਾਜਾ ਸਾਹਨੀ (33) ਵਜੋਂ ਹੋਈ ਹੈ। ਦੋਵੇਂ ਮੂਲ ਰੂਪ ਵਿਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਕਮਲਾ ਭਗਵਾਨਪੁਰ ਪਿੰਡ ਦੇ ਰਹਿਣ ਵਾਲੇ ਹਨ । ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿਤਾ ਹੈ । ਕੀ ਦੱਸਿਆ ਰਾਜਾ ਸਾਹਨੀ ਦੀ ਪਤਨੀ ਨੇ ਪ੍ਰਮਿਲਾ ਦੇਵੀ ਨੇ ਦਸਿਆ ਕਿ ਉਸ ਦਾ ਪਤੀ ਰਾਜਾ ਸਾਹਨੀ ਅਪਣੇ ਚਾਚੇ ਨਾਲ ਟਰਾਂਸਪੋਰਟ ਨਗਰ ’ਚ ਇਕ ਠੇਕੇਦਾਰ ਕੋਲ ਛੱਤ ਢਾਹੁਣ ਗਿਆ ਸੀ । ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ ਉਹ ਦੋਵੇਂ ਮਲਬੇ ਹੇਠ ਫਸ ਗਏ। ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਕੰਮ ਜੇ. ਸੀ. ਬੀ. ਮਸ਼ੀਨ ਨਾਲ ਕੀਤਾ ਜਾਣਾ ਸੀ ਪਰ ਕੰਮ ਹੱਥੀਂ ਕੀਤਾ ਜਾ ਰਿਹਾ ਸੀ। ਉਸ ਨੇ ਕਿਹਾ ਕਿ ਠੇਕੇਦਾਰ ਅਤੇ ਮਕਾਨ ਮਾਲਕ ਦੀ ਲਾਪ੍ਰਵਾਹੀ ਕਾਰਨ ਦੋਵਾਂ ਦੀ ਮੌਤ ਹੋਈ ਹੈ । ਮਕਾਨ ਮਾਲਕ ਤੇ ਠੇਕੇਦਾਰ ਵਿਰੁੱਧ ਕੇਸ ਦਰਜ ਥਾਣਾ 8 ਦੇ ਜਾਂਚ ਅਧਿਕਾਰੀ ਏ. ਐਸ. ਆਈ. ਗੁਰਮੇਲ ਸਿੰਘ ਨੇ ਦਸਿਆ ਕਿ ਪੀੜਤ ਪਰਵਾਰ ਦੇ ਇਕ ਮੈਂਬਰ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਨੇ ਠੇਕੇਦਾਰ ਤੇ ਮਕਾਨ ਮਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ ।
