

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ ਨਵੀਂ ਦਿੱਲੀ, 18 ਜੁਲਾਈ : ਭਾਰਤੀ ਫੌਜ ਵੱਲੋਂ ਸਰਹੱਦ ’ਤੇ ਦੋ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਖਬਰ ਹੈ। ਭਾਰਤੀ ਫ਼ੌਜ ਦੀ ਚਿਨਾਰ ਕੋਰ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਕੁਪਵਾੜਾ ਦੇ ਕੇਰਨ ਸੈਕਟਰ ਵਿਚ ਕੰਟਰੋਲ ਰੇਖਾ ਨਾਲ ਦੋ ਦਹਿਸ਼ਤਗਰਦ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੌਜ ਵੱਲੋਂ ਘੁਸਪੈਠ ਵਿਰੋਧੀ ਮੁਹਿੰਮ ਚੱਲ ਰਹੀ ਹੈ। ਜ਼ਿਕਰਯੋੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਦਹਿਸ਼ਤੀ ਕਾਰਵਾਈਆਂ ਵਧ ਰਹੀਆਂ ਹਨ ਜਿਸ ਨੂੰ ਰੋਕਣ ਲਈ ਭਾਰਤੀ ਫੌਜ ਵੱਲੋਂ ਤਲਾਸ਼ੀ ਮੁਹਿੰਮ ਆਦਿ ਆਰੰਭੀ ਗਈ ਹੈ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨੇ ਦੋ ਦਿਨ ਪਹਿਲਾਂ ਵੀ ਹਮਲਾ ਕੀਤਾ ਸੀ ਜਿਸ ਕਾਰਨ ਪੰਜ ਜਵਾਨਾਂ ਦੀ ਮੌਤ ਹੋ ਗਈ ਸੀ ।