post

Jasbeer Singh

(Chief Editor)

National

ਨਵੀਂ ਸਿੱਖਿਆ ਨੀਤੀ ਤਹਿਤ ਸਿੱਖਿਆ ਮਾਂ-ਬੋਲੀ ’ਤੇ ਅਧਾਰਿਤ ਹੋਵੇਗੀ : ਧਰਮੇਂਦਰ ਪ੍ਰਧਾਨ

post-img

ਨਵੀਂ ਸਿੱਖਿਆ ਨੀਤੀ ਤਹਿਤ ਸਿੱਖਿਆ ਮਾਂ-ਬੋਲੀ ’ਤੇ ਅਧਾਰਿਤ ਹੋਵੇਗੀ : ਧਰਮੇਂਦਰ ਪ੍ਰਧਾਨ ਨਵੀਂ ਦਿੱਲੀ : ਭਾਰਤ ਦੇਸ਼ ਦੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਸਿੱਖਿਆ ਨੀਤੀ ਤਹਿਤ ਰਾਜਾਂ ’ਤੇ ਹਿੰਦੀ ਜਬਰੀ ਨਹੀਂ ਥੋਪੀ ਜਾਵੇਗੀ ਸਬੰਧੀ ਸਪੱਸ਼ਟ ਆਖਿਆ ਕਿ ਤਾਮਿਲਨਾਡੂ ਵੱਲੋਂ ਕੀਤੇ ਜਾ ਰਹੇ ਵਿਰੋਧ ਪਿੱਛੇ ‘ਸਿਆਸੀ ਮੰਤਵ’ ਹਨ । ਕੇਂਦਰੀ ਸਿੱਖਿਆ ਮੰਤਰੀ ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2020 ਵਿਚ ਇਹ ਗੱਲ ਕਦੇ ਨਹੀਂ ਕਹੀ ਗਈ ਕਿ ਸਿਰਫ਼ ਹਿੰਦੀ ਹੀ ਰਹੇਗੀ ਬਲਕਿ ਸਿਰਫ਼ ਇੰਨਾ ਕਿਹਾ ਗਿਆ ਸੀ ਕਿ ਸਿੱਖਿਆ ਮਾਂ-ਬੋਲੀ ’ਤੇ ਅਧਾਰਤ ਹੋਵੇਗੀ ਅਤੇ ਤਾਮਿਲਨਾਡੂ ਵਿਚ ਇਹ ਤਾਮਿਲ ਹੋਵੇਗੀ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਉਹ ਕੁਝ ਲੋਕਾਂ ਦੇ ਸਿਆਸੀ ਮੁਫ਼ਾਦਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਨਵੀਂ ਸਿੱਖਿਆ ਨੀਤੀ 2020 ਭਾਰਤ ਦੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ’ਤੇ ਅਧਾਰਿਤ ਹੈ, ਫਿਰ ਚਾਹੇ ਇਹ ਹਿੰਦੀ ਹੋਵੇ ਜਾਂ ਫਿਰ ਤਾਮਿਲ, ਉੜੀਆ ਜਾਂ ਪੰਜਾਬੀ । ਸਾਰੀਆਂ ਭਾਸ਼ਾਵਾਂ ਦੀ ਇਕੋ ਜਿਹੀ ਅਹਿਮੀਅਤ ਹੈ। ਤਾਮਿਲ ਨਾਡੂ ਵਿਚ ਕੁਝ ਲੋਕ ਮਹਿਜ਼ ਸਿਆਸਤ ਕਰਕੇ ਇਸ ਦਾ ਵਿਰੋਧ ਕਰ ਰਹੇ ਹਨ । ਦੱਸਣਯੋਗ ਹੈ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਦੇ ਯੁੱਗ ਵਿਚ ਸਕੂਲਾਂ ’ਚ ਤੀਜੀ ਭਾਸ਼ਾ ਵਜੋਂ ਕਿਸੇ ਵੀ ਹੋਰ ਭਾਸ਼ਾ ਨੂੰ ਲਾਗੂ ਕਰਨ ਲਈ ਦਬਾਅ ਪਾਉਣਾ ਬੇਲੋੜਾ ਹੈ। ਸਟਾਲਿਨ ਨੇ ਐਕਸ ’ਤੇ ਲਿਖਿਆ ਸੀ ਕਿ ਆਧੁਨਿਕ ਅਨੁਵਾਦ ਤਕਨੀਕ ਨੇ ਭਾਸ਼ਾਈ ਅੜਿੱਕੇ ਪਹਿਲਾਂ ਹੀ ਖ਼ਤਮ ਕਰ ਦਿੱਤੇ ਹਨ। ਵਿਦਿਆਰਥੀਆਂ ’ਤੇ ਵਾਧੂ ਭਾਸ਼ਾਵਾਂ ਨੂੰ ਲੈ ਕੇ ਦਬਾਅ ਨਹੀਂ ਪਾਉਣਾ ਚਾਹੀਦਾ ।

Related Post

Instagram