
ਗੈਸਟ ਫੈਕਲਟੀ ਅਧਿਆਪਕਾਂ ਦੀ ਬੇਲੋੜੀ ਭਰਤੀ ਨਾਲ ਪਿਆ ਯੂਨੀਵਰਸਿਟੀ ਉੱਤੇ ਵਿੱਤੀ ਬੋਝ : ਸੈਫੀ
- by Jasbeer Singh
- January 24, 2025

ਗੈਸਟ ਫੈਕਲਟੀ ਅਧਿਆਪਕਾਂ ਦੀ ਬੇਲੋੜੀ ਭਰਤੀ ਨਾਲ ਪਿਆ ਯੂਨੀਵਰਸਿਟੀ ਉੱਤੇ ਵਿੱਤੀ ਬੋਝ : ਸੈਫੀ -ਗਲਤ ਤੀਰਕੇ ਨਾਲ ਭਰਤੀ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ : ਆਗੂ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਸੈਫੀ ਨੇ ਡੀਨ ਅਕਾਦਮਿਕ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਦੀ ਭਰਤੀ ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੀ ਸੈਫੀ ਇਕਾਈ ਦੇ ਜਨਰਲ ਸਕੱਤਰ ਸਾਹਿਲ ਬਾਂਸਲ ਨੇ ਕਿਹਾ ਕਿ ਡੀਨ ਅਕਾਦਮਿਕ ਨੇ ਪੱਤਰ ਨੰ 1001 ਡੀ. ਏ. ਏ. ਰਾਹੀ ਵਿਭਾਗਾਂ ਅਤੇ ਸਬੰਧਿਤ ਵਿਭਾਗ ਵਿਚੋਂ ਅਧਿਆਪਨ ਲਈ ਰੈਗੂਲਰ ਸਕਾਲਰਾਂ ਦੀਆਂ ਸੇਵਾਵਾਂ ਲੈਣ ਦੇ ਆਦੇਸ਼ ਕੀਤੇ ਸਨ,ਪਰ ਕੁਝ ਵਿਭਾਗਾਂ ਵੱਲੋਂ ਸਕਾਲਰਾਂ ਦੀਆਂ ਸੇਵਾਵਾਂ ਨੂੰ ਨਾ ਮਨਜ਼ੂਰ ਕੀਤਾ ਗਿਆ ਅਤੇ ਬਿਨਾਂ ਲੋੜ ਤੋਂ ਗੈਸਟ ਫੈਕਲਟੀ ਅਧਿਆਪਕ ਭਰਤੀ ਕੀਤੀ ਗਈ, ਜਿਸ ਨਾਲ ਯੂਨੀਵਰਸਿਟੀ ਉੱਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ । ਬਾਂਸਲ ਨੇ ਕਿਹਾ ਕਿ ਪਿਛਲੇ ਸਮੇਂ ਗੈਸਟ ਫੈਕਲਟੀ ਅਧਿਆਪਕਾਂ ਦੀ ਕੀਤੀ ਭਰਤੀ ਵਿੱਚ ਵੱਡੇ ਪੱਧਰ ਉੱਤੇ ਧਾਂਦਲੀਆਂ ਹੋਈਆ ਅਤੇ ਬੇਲੋੜੀ ਭਰਤੀ ਕੀਤੀ ਗਈ, ਜਿਸ ਵਿਚ ਯੋਗ ਅਧਿਆਪਕਾਂ ਦੀ ਮੈਰਿਟ ਨੂੰ ਅੱਖੋ ਪਰੋਖੇ ਕਰਕੇ ਅਯੋਗ ਵਿਅਕਤੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ । ਇਸ ਮੌਕੇ ਜਸ਼ਨ ਖੁੱਡੀਆਂ ਨੇ ਕਿਹਾ ਕਿ ਵਿਭਾਗਾਂ ਦੇ ਮੁਖੀਆਂ ਅਤੇ ਇੰਟਰਵਿਊ ਵਾਲੇ ਅਧਿਆਪਕਾਂ ਕੋਲੋ ਪੀਐੱਚਡੀ ਕਰਨ ਵਾਲੇ ਜ਼ਿਆਦਾਤਰ ਉਮੀਦਵਾਰਾਂ ਦੀ ਹੀ ਚੋਣ ਕੀਤੀ ਗਈ । ਖੁੱਡੀਆਂ ਨੇ ਕਿਹਾ ਕਿ ਅਸੀਂ ਡੀਨ ਅਕਾਡਮਿਕ ਤੋਂ ਮੰਗ ਕਰਦੇ ਹਾਂ ਕਿ ਅਯੋਗ ਵਿਅਕਤੀਆਂ ਨੂੰ ਗਲਤ ਤਰੀਕੇ ਨਾਲ ਭਰਤੀ ਕਰਨ ਵਾਲਿਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ । ਉਹਨਾਂ ਕਿਹਾ ਕਿ ਅਯੋਗ ਵਿਅਕਤੀਆਂ ਦੀ ਥਾਂ ਯੋਗ ਵਿਅਕਤੀਆਂ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਯੂਨੀਵਰਸਿਟੀ ਵਿੱਚ ਵਿਦਿਆ ਦਾ ਮਿਆਰ ਉੱਚਾ ਚੁਕਿਆ ਜਾ ਸਕੇ । ਇਸ ਮੌਕੇ ਲਵਪ੍ਰੀਤ ਸਿੰਘ, ਗੁਰੀ ਸੁਤਰਾਣਾ, ਪਰਦੀਪ ਸਿੰਘ, ਜਸ਼ਪ੍ਰੀਤ ਸਿੰਘ, ਫੌਜੀ ਅਸ਼ਮਾਨਪੁਰ, ਸਫਰਜੀਤ ਸਿੰਘ, ਫਾਰਸ਼ਨ ਬਰਾੜ, ਸਿਮਰਨਜੀਤ ਸਿੰਘ ਭੰਗੂ, ਦਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ ਤਾਪਰ ਆਦਿ ਹਾਜ਼ਰ ਸਨ ।