
Tarsem singh murder case: ਬਾਬਾ ਤਰਸੇਮ ਸਿੰਘ ਹੱਤਿਆ ਮਾਮਲੇ ਵਿਚ ਵੱਡੇ ਖੁਲਾਸੇ
- by Jasbeer Singh
- April 5, 2024

Tarsem singh murder case: ਪੁਲਿਸ ਨੇ ਨਾਨਕਮੱਤਾ ਗੁਰਦੁਆਰਾ ਸਾਹਿਬ (Nanakmatta Gurudwara) ਦੇ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਕਤਲ ਕਾਂਡ ਦਾ ਖੁਲਾਸਾ ਕਰਦਿਆਂ ਚਾਰ ਸਾਜ਼ਿਸ਼ਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬਾਬਾ ਤਰਸੇਮ ਸਿੰਘ ਦੇ ਕਤਲ ਦੀ 10 ਲੱਖ ਰੁਪਏ ਸੁਪਾਰੀ ਦਿੱਤੀ ਗਈ ਸੀ। ਕਤਲ ਦੀ ਸਾਜ਼ਿਸ਼ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਰਚੀ ਗਈ ਸੀ।ਸਾਜ਼ਿਸ਼ਕਰਤਾਵਾਂ ਨੇ ਕਤਲ ਦੀ ਜ਼ਿੰਮੇਵਾਰੀ ਪੇਸ਼ੇਵਰ ਅਪਰਾਧੀਆਂ ਨੂੰ ਸੌਂਪੀ ਸੀ। ਮੁਲਜ਼ਮ ਸਰਬਜੀਤ ਖ਼ਿਲਾਫ਼ ਵੱਖ-ਵੱਖ ਰਾਜਾਂ ਵਿੱਚ ਕੁੱਲ 13 ਕੇਸ ਦਰਜ ਹਨ। ਜਦੋਂਕਿ ਦੂਜੇ ਮੁਲਜ਼ਮ ਅਮਰਜੀਤ ਉਰਫ਼ ਬਿੱਟੂ ਖ਼ਿਲਾਫ਼ ਪੰਜ ਕੇਸ ਦਰਜ ਹਨ। ਪੁਲਿਸ ਇਸ ਮਾਮਲੇ ਵਿਚ ਹੁਣ ਤੱਕ ਚਾਰ ਸਾਜ਼ਿਸ਼ਕਾਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਵਿੱਚ ਸ਼ਾਹਜਹਾਨਪੁਰ ਤੋਂ ਦਿਲਬਾਗ ਸਿੰਘ, ਬਾਬਾ ਤਰਸੇਮ ਸਿੰਘ ਦਾ ਕਰੀਬੀ ਅਮਨਦੀਪ ਸਮੇਤ ਦੋ ਵਿਅਕਤੀ ਸ਼ਾਮਲ ਹਨ।ਬਾਬਾ ਤਰਸੇਮ ਸਿੰਘ ਦੇ ਕਰੀਬੀ ਰਹਿਣ ਵਾਲੇ ਅਮਨਦੀਪ ਨੇ ਕਾਤਲਾਂ ਨੂੰ ਬਾਬੇ ਦੇ ਰੁਟੀਨ ਬਾਰੇ ਜਾਣਕਾਰੀ ਦਿੱਤੀ ਸੀ। ਇਸ ਘਟਨਾ ਦਾ ਖੁਲਾਸਾ ਊਧਮ ਸਿੰਘ ਨਗਰ ਦੇ ਐੱਸਐੱਸਪੀ ਮੰਜੂਨਾਥ ਟੀਸੀ ਨੇ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਤਲ 19 ਮਾਰਚ ਨੂੰ ਨਾਨਕਮੱਤਾ ਵਿਖੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਅਤੇ 28 ਮਾਰਚ ਨੂੰ ਉਨ੍ਹਾਂ ਨੇ ਨਾਨਕਮੱਤਾ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ ਸੀ।ਦੱਸ ਦਈਏ ਕਿ ਹੱਤਿਆ ਦੇ ਮਾਮਲੇ ‘ਚ 5 ਲੋਕਾਂ ਖਿਲਾਫ ਨਾਮਜ਼ਦ ਐੱਫ.ਆਈ.ਆਰ. ਦਰਜ ਹੈ। ਸੇਵਾਮੁਕਤ ਆਈਏਐਸ ਅਧਿਕਾਰੀ ਹਰਬੰਸ ਚੁੱਘ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਸੇਵਾਮੁਕਤ ਹਰਬੰਸ ਚੁੱਘ ਨਾਨਕਮੱਤਾ ਦੇ ਪ੍ਰਧਾਨ ਹਨ। ਤਰਾਈ ਸਿੱਖ ਸੰਘ ਦੇ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਖਿਲਾਫ ਵੀ ਐਫ.ਆਈ.ਆਰ. ਦਰਜ ਕੀਤੀ ਹੈ। ਯੂਪੀ ਨਵਾਬਗੜ੍ਹ ਦੇ ਜਥੇਦਾਰ ਬਾਬਾ ਅਨੂਪ ਸਿੰਘ ਦਾ ਨਾਂ ਵੀ ਦਰਜ ਹੈ।ਉੱਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਕਿਹਾ ਸੀ ਕਿ 28 ਮਾਰਚ ਨੂੰ ਸਵੇਰੇ 7 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਵੇਰੇ 6.15 ਤੋਂ 6.30 ਵਜੇ ਦੇ ਵਿਚਕਾਰ ਦੋ ਬਾਈਕ ਸਵਾਰ ਬਦਮਾਸ਼ ਨਾਨਕਮੱਤਾ ਗੁਰਦੁਆਰੇ ਵਿੱਚ ਦਾਖਲ ਹੋਏ ਅਤੇ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੂੰ ਤੁਰੰਤ ਖਾਤਿਮਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।ਡੀਜੀਪੀ ਨੇ ਦੱਸਿਆ ਸੀ ਕਿ ਅਸੀਂ ਨਾ ਸਿਰਫ਼ ਕਾਤਲਾਂ ਨੂੰ ਗ੍ਰਿਫ਼ਤਾਰ ਕਰਾਂਗੇ ਬਲਕਿ ਜੇਕਰ ਇਸ ਕਤਲ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਤਾਂ ਉਸ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ। ਅਸੀਂ ਕੇਂਦਰੀ ਜਾਂਚ ਏਜੰਸੀਆਂ ਨੂੰ ਵੀ ਮਾਮਲੇ ਦੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ।