July 6, 2024 00:52:49
post

Jasbeer Singh

(Chief Editor)

Patiala News

ਵੋਟ ਪਾਉਣ ਦੀ ਵੀਡੀਓ ਵਾਇਰਲ, ਵਿਧਾਇਕ ਨੂੰ ਨੋਟਿਸ

post-img

: ਇੱਥੇ ਪਟਿਆਲਾ ਲੋਕ ਸਭਾ ਹਲਕੇ ’ਚ ਵੋਟਾਂ ਦਾ ਦੌਰ ਸ਼ੁਰੂ ਹੁੰਦਿਆਂ ਹੀ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕਾ ਨੀਨਾ ਮਿੱਤਲ ਨੇ ਸਵੇਰੇ ਜਦੋਂ ਰਾਜਪੁਰਾ ’ਚ ਆਪਣੀ ਵੋਟ ਪਾਈ ਤਾਂ ਉਨ੍ਹਾਂ ਨੇ ਨਾਲ ਹੀ ਵੀਡੀਓ ਵੀ ਬਣਾ ਲਈ ਜਿਸ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ’ਚ ਵੋਟ ਪਾਉਂਦਿਆਂ ਦਿਖਾਇਆ ਗਿਆ। ਉਨ੍ਹਾਂ ਨੇ ਬਾਅਦ ’ਚ ਇਹੀ ਵੀਡੀਓ ਆਪਣੇ ਸੋਸ਼ਲ ਮੀਡੀਆ ਵਿਚਲੇ ਖਾਤਿਆਂ ’ਤੇ ਅਪਲੋਡ ਕਰ ਦਿੱਤੀ। ਇਸ ਦੀ ਕੈਪਸ਼ਨ ਵਿੱਚ ‘ਆਪ’ ਦੇ ਡਾ. ਬਲਬੀਰ ਸਿੰਘ ਦੇ ਹੱਕ ’ਚ 13-0 ਦੀ ਸ਼ੁਰੂਆਤ ਹੋਣ ਦੀ ਇਬਾਰਤ ਵੀ ਲਿਖੀ ਗਈ। ਉਨ੍ਹਾਂ ਵੱਲੋਂ ਇਹ ਪੋਸਟ ਅਪਲੋਡ ਕਰਨ ਤੋਂ ਬਾਅਦ ਰੌਲਾ ਪੈ ਗਿਆ ਤੇ ਇਹ ਮਾਮਲਾ ਜਿਉਂ ਹੀ ਪਟਿਆਲਾ ਹਲਕੇ ਦੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵਿਧਾਇਕਾ ਨੂੰ ਨੋਟਿਸ ਜਾਰੀ ਕਰ ਦਿੱਤਾ ਕਿਉਂਕਿ ਵੋਟ ਪਾਉਣ ਮੌਕੇ ਕਿਸੇ ਵੀ ਬੂਥ ਵਿਚ ਮੋਬਾਈਲ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ ਤੇ ਚੋਣ ਬੂਥ ਅੰਦਰ ਵੋਟ ਪਾਉਣ ਦੀ ਵੀਡੀਓ ਜਾਂ ਫੋਟੋ ਖਿੱਚਣ ਦੀ ਮਨਾਹੀ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵਿਧਾਇਕਾ ਨੂੰ ਨੋਟਿਸ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਨੋਟਿਸ ਦਾ ਜਵਾਬ ਦਿੰਦਿਆਂ ਆਖਿਆ ਕਿ ਉਨ੍ਹਾਂ ਨੇ ਤਾਂ ਵੋਟ ਸਵੇਰੇ 9.30 ਵਜੇ ਤੋਂ ਬਾਅਦ ਪਾਈ ਹੈ, ਪਰ ਇਹ ਵੀਡੀਓ ਉਨ੍ਹਾਂ ਦੀ ਮੀਡੀਆ ਟੀਮ ਕੋਲ ਸਵੇਰੇ 7.30 ਵਜੇ ਦੇ ਕਰੀਬ ਆ ਗਈ ਸੀ। ਇਹ ਵੀਡੀਓ ਮੀਡੀਆ ਟੀਮ ਨੇ ਅਪਲੋਡ ਜ਼ਰੂਰ ਕਰ ਦਿੱਤੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਡਿਲੀਟ ਕਰਵਾ ਦਿੱਤੀ ਅਤੇ ਇਹ ਵੀਡੀਓ ਉਨ੍ਹਾਂ ਦੀ ਨਹੀਂ ਹੈ।

Related Post