
ਝੋਨੇ ਦੀਆਂ 14 ਬੋਗੀਆਂ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਚੌਲ ਮਿੱਲ ਦੇ ਮਾਲਕ ਤੇ ਭਾਈਵਾਲਾਂ ਵਿਰੁੱਧ ਵਿਜੀਲੈਂਸ ਬਿਊਰੋ ਵੱ
- by Jasbeer Singh
- November 25, 2024

ਝੋਨੇ ਦੀਆਂ 14 ਬੋਗੀਆਂ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਚੌਲ ਮਿੱਲ ਦੇ ਮਾਲਕ ਤੇ ਭਾਈਵਾਲਾਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਅਪਰਾਧਿਕ ਮੁਕੱਦਮਾ ਦਰਜ ਚੰਡੀਗੜ੍ਹ : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਭਵਾਨੀਗੜ੍ਹ ਸਥਿਤ ਸਿੰਗਲਾ ਫੂਡ ਪ੍ਰੋਡਕਟਸ ਨਾਮੀ ਚੌਲ ਮਿੱਲ ਦੇ ਚਾਰ ਭਾਈਵਾਲਾਂ ਵਿਰੁੱਧ ਝੋਨੇ ਦੀਆਂ 14 ਬੋਗੀਆਂ ਖੁਰਦ-ਬੁਰਦ ਕਰਨ ਅਤੇ ਸਰਕਾਰ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਅਪਰਾਧਿਕ ਮਾਮਲਾ ਦਰਜ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਚੌਲ ਮਿੱਲ ਵਿਰੁੱਧ ਇਹ ਜਾਂਚ ਉਸ ਵੇਲੇ ਪਨਸਪ ਦੇ ਪ੍ਰਬੰਧਕੀ ਡਾਇਰੈਕਟਰ ਵੱਲੋਂ ਪ੍ਰਾਪਤ ਪੱਤਰ ਦੇ ਅਧਾਰ 'ਤੇ ਕੀਤੀ ਗਈ ਹੈ । ਉਕਤ ਚੌਲ ਮਿੱਲਰ ਨੇ ਸਾਲ 2011-2012 ਦੌਰਾਨ ਝੋਨੇ ਅਤੇ ਚੌਲਾਂ ਦੇ ਭੰਡਾਰਨ ਲਈ ਸੂਬੇ ਦੀ ਖਰੀਦ ਅਥਾਰਟੀ ਪਨਸਪ ਨਾਲ ਸਮਝੌਤਾ ਸਹੀਬੱਧ ਕੀਤਾ ਸੀ । ਉਨ੍ਹਾਂ ਅੱਗੇ ਦੱਸਿਆ ਕਿ ਤਤਕਾਲੀ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ (ਡੀ. ਐਫ. ਐਸ. ਸੀ.) ਵਿਭਾਗ, ਸੰਗਰੂਰ ਨੇ ਉਕਤ ਚੌਲ ਮਿੱਲ ਖ਼ਿਲਾਫ਼ ਝੋਨੇ ਦੀ ਘਪਲੇਬਾਜ਼ੀ ਸਬੰਧੀ ਜਾਂਚ ਕਰਨ ਲਈ ਤਤਕਾਲੀ ਜ਼ਿਲ੍ਹਾ ਮੈਨੇਜਰ ਪਨਸਪ, ਸੰਗਰੂਰ ਨੂੰ ਸ਼ਿਕਾਇਤ ਪੱਤਰ ਭੇਜਿਆ ਸੀ । ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਉਸ ਵੇਲੇ ਤਾਇਨਾਤ ਡਿਪਟੀ ਮੈਨੇਜਰ (ਸਟੋਰੇਜ) ਪਨਸਪ ਜਸਪਾਲ ਸ਼ਰਮਾ ਅਤੇ ਡੀ. ਐਫ. ਐਸ. ਸੀ. ਅੰਜੁਮਨ ਭਾਸਕਰ ਵੱਲੋਂ ਸਾਂਝੇ ਤੌਰ 'ਤੇ ਸਿੰਗਲਾ ਫੂਡ ਪ੍ਰੋਡਕਟਸ ਅਤੇ ਸਿੰਗਲਾ ਐਗਰੋ ਮਿੱਲ, ਭਵਾਨੀਗੜ੍ਹ ਦੀ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਿੰਗਲਾ ਫੂਡ ਪ੍ਰੋਡਕਟਸ ਵਿੱਚ ਝੋਨੇ ਦੀਆਂ 14 ਬੋਗੀਆਂ ਘੱਟ ਸਨ । ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਚੌਲ ਮਿੱਲ ਮਾਲਕ ਨੇ ਚੌਲਾਂ ਦੀਆਂ ਬੋਰੀਆਂ ਦੇ ਗਾਇਬ ਹੋਣ ਦਾ ਨਾਜਾਇਜ਼ ਫਾਇਦਾ ਚੁੱਕਣ ਲਈ ਨਾਭਾ ਦੇ ਇੱਕ ਗੋਦਾਮ ਵਿੱਚ ਉਸ ਸਮੇਂ ਤਾਇਨਾਤ ਭਾਰਤੀ ਖੁਰਾਕ ਨਿਗਮ (ਐਫ. ਸੀ. ਆਈ.) ਦੇ ਸਬੰਧਤ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਜਾਅਲੀ ਸਰਟੀਫਿਕੇਟ ਜਾਂਚ ਟੀਮ ਅੱਗੇ ਪੇਸ਼ ਕੀਤਾ ਸੀ । ਇਸ ਸਰਟੀਫਿਕੇਟ ਦੇ ਸਬੰਧ ਵਿੱਚ ਉੱਨਾਂ ਦੋਵੇਂ ਐਫ. ਸੀ. ਆਈ. ਅਧਿਕਾਰੀਆਂ ਨੇ ਜਵਾਬ ਦਿੱਤਾ ਸੀ ਕਿ ਸਰਟੀਫਿਕੇਟ 'ਤੇ ਉਨ੍ਹਾਂ ਦੇ ਦਸਤਖਤ ਜਾਅਲੀ ਹਨ । ਇਸ ਜਾਂਚ ਰਿਪੋਰਟ ਦੇ ਆਧਾਰ 'ਤੇ ਸਿੰਗਲਾ ਫੂਡ ਪ੍ਰੋਡਕਟਸ, ਭਵਾਨੀਗੜ੍ਹ ਦੇ ਚਾਰ ਭਾਈਵਾਲਾਂ ਪਵਨ ਕੁਮਾਰ ਅਤੇ ਤਿੰਨ ਮਹਿਲਾ ਭਾਈਵਾਲਾਂ ਲੀਲਾਵਤੀ, ਮੰਜੂ ਸਿੰਗਲਾ ਅਤੇ ਸਮੀਰਾ ਸਿੰਗਲਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 406, 420, 465, 467, 468, 471, 120-ਬੀ ਤਹਿਤ ਥਾਣਾ ਆਰਥਿਕ ਅਪਰਾਧ ਵਿੰਗ, ਲੁਧਿਆਣਾ ਰੇਂਜ ਵਿਖੇ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.