ਸੇਫ ਸਕੂਲ ਵਾਹਨ ਪਾਲਿਸੀ ਤਹਿਤ 44 ਸਕੂਲ ਬੱਸਾਂ ਦੀ ਚੈਕਿੰਗ, 4 ਬੱਸਾਂ ਦੇ ਮੌਕੇ ਤੇ ਚਲਾਨ
- by Jasbeer Singh
- January 23, 2026
ਸੇਫ ਸਕੂਲ ਵਾਹਨ ਪਾਲਿਸੀ ਤਹਿਤ 44 ਸਕੂਲ ਬੱਸਾਂ ਦੀ ਚੈਕਿੰਗ, 4 ਬੱਸਾਂ ਦੇ ਮੌਕੇ ਤੇ ਚਲਾਨ ਮਾਲੇਰਕੋਟਲਾ, 23 ਜਨਵਰੀ 2026 : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਮੁਹਿੰਮ ਦੌਰਾਨ ਕੁੱਲ 44 ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦਾ ਮਕਸਦ ਵਿਦਿਆਰਥੀਆਂ ਦੀ ਆਵਾਜਾਈ ਦੌਰਾਨ ਸੁਰੱਖਿਆ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣਾ ਸੀ । ਚੈਕਿੰਗ ਦੌਰਾਨ ਬੱਸਾਂ ਦੇ ਦਸਤਾਵੇਜ਼, ਡਰਾਈਵਰਾਂ ਦੇ ਲਾਇਸੈਂਸ, ਵਾਹਨਾਂ ਦੇ ਟੈਕਸ, ਫਿਟਨੈੱਸ ਸਰਟੀਫਿਕੇਟ, ਫਸਟ ਏਡ ਕਿੱਟ, ਫਾਇਰ ਇਕਸਟਿੰਗੁਇਸ਼ਰ, ਫਾਸਟਟੈਗ, ਨੰਬਰ ਪਲੇਟ, ਸਪੀਡ ਗਵਰਨਰ ਅਤੇ ਐਮਰਜੈਂਸੀ ਦਰਵਾਜ਼ਿਆਂ ਆਦਿ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ । ਜਾਂਚ ਦੌਰਾਨ 4 ਸਕੂਲ ਬੱਸਾਂ ਵਿੱਚ ਖਾਮੀਆਂ ਪਾਈਆਂ ਗਈਆਂ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਟੈਕਸ ਦੀ ਅਧੂਰੀ ਪਾਲਣਾ, ਫਸਟ ਏਡ ਕਿੱਟ ਦੀ ਅਣਹੋਂਦ ਅਤੇ ਨੰਬਰ ਪਲੇਟ ਨਾਲ ਸਬੰਧਤ ਤਰੁੱਟੀਆਂ ਸ਼ਾਮਲ ਸਨ। ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮੌਕੇ ’ਤੇ ਹੀ ਚਲਾਨ ਕੀਤੇ ਗਏ । ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਨੇ ਸਕੂਲ ਪ੍ਰਬੰਧਕਾਂ ਅਤੇ ਵਾਹਨ ਮਾਲਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਾਰੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗ ਮੁਹਿੰਮਾਂ ਨਿਰੰਤਰ ਜਾਰੀ ਰਹਿਣਗੀਆਂ, ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਮੌਕੇ ਲੀਗਲ ਅਫ਼ਸਰ ਬਾਲ ਸੁਰੱਖਿਆ ਵਿਭਾਗ ਬਾਬੀਤਾ ਕੁਮਾਰੀ, ਟਰੈਫਿਕ ਇੰਚਾਰਜ ਗੁਰਮੁੱਖ ਸਿੰਘ ਲੱਡੀ, ਸਿੱਖਿਆ ਵਿਭਾਗ ਤੋਂ ਹੈਡਮਾਸਟਰ ਗੁਰਵੀਰ ਸਿੰਘ, ਲਵਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਮੀਡੀਆ ਸਹਾਇਕ ਪਰਗਟ ਸਿੰਘ ਹਾਜ਼ਰ ਸਨ ।
