
ਪੰਜਾਬ ਦੀ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ-ਮੁੱਖ ਮੰਤਰੀ
- by Jasbeer Singh
- January 27, 2025

ਪੰਜਾਬ ਦੀ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ-ਮੁੱਖ ਮੰਤਰੀ -ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਕੌਮੀ ਤਿਰੰਗਾ -ਪੰਜਾਬ ਦੀ ਸ਼ਾਂਤੀ, ਫਿਰਕੂ ਸਦਭਾਵਨਾ, ਏਕਤਾ ਤੇ ਭਾਈਚਾਰਕ ਸਾਂਝ ਦੀ ਰਾਖੀ ਲਈ ਲੋਕਾਂ ਦਾ ਸਹਿਯੋਗ ਮੰਗਿਆ -ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਤਾਕ ਵਿੱਚ ਪੰਜਾਬ ਵਿਰੋਧੀ ਅਨਸਰਾਂ ਦੇ ਮਨਸੂਬੇ ਸਫਲ ਨਹੀਂ ਹੋਣ ਦਿਆਂਗੇ -ਪੰਜਾਬ ਤੇ ਪੰਜਾਬੀਆਂ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਅਪਣਾਉਣ ਲਈ ਕੇਂਦਰ ਦੀ ਸਖ਼ਤ ਅਲੋਚਨਾ -ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਨੂੰ ਆਪਣੀਆਂ ਮੰਗਾਂ ਮਨਵਾਉਣ ਖਾਤਰ ਮਰਨ ਵਰਤ ਦਾ ਰਾਹ ਅਪਨਾਉਣਾ ਪੈ ਰਿਹਾ ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਅਹਿਦ ਲੈਂਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ, ਏਕਤਾ ਅਤੇ ਭਾਈਚਾਰਕ ਸਾਂਝ ਵਿੱਚ ਵਿਘਨ ਪਾਉਣ ਦੇ ਮਨਸੂਬੇ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ । ਅੱਜ ਇੱਥੋਂ ਦੇ ਪੋਲੋ ਗਰਾਊਂਡ ਵਿਖੇ 76ਵੇਂ ਗਣਤੰਤਰ ਦਿਵਸ ਮੌਕੇ ਸਮਾਗਮ ਦੌਰਾਨ ਕੌਮੀ ਤਿਰੰਗਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਪੈਗੰਬਰਾਂ, ਸੰਤਾਂ-ਮਹਾਂਪੁਰਸ਼ਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਜੋ ਹਮੇਸ਼ਾ ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੀਆਂ ਮਹਾਨ ਕਦਰਾਂ-ਕੀਮਤਾਂ ਲਈ ਮਾਨਵਤਾ ਦਾ ਮਾਰਗਦਰਸ਼ਨ ਕਰਦੀ ਹੈ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਅਮਨ-ਸ਼ਾਂਤੀ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ । ਭਗਵੰਤ ਸਿੰਘ ਮਾਨ ਨੇ ਇਸ ਨੇਕ ਕਾਰਜ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਤਾਂ ਕਿ ਸੂਬੇ ਦੀ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਨੂੰ ਲੀਹੋਂ ਲਾਉਣ ਦੀ ਸਾਜ਼ਿਸ਼ ਘੜਨ ਵਾਲੇ ਦੁਸ਼ਮਣ ਨੂੰ ਠੋਕਵਾਂ ਜਵਾਬ ਦਿੱਤਾ ਜਾ ਸਕੇ । ਮੁੱਖ ਮੰਤਰੀ ਨੇ ਫੁੱਟ ਪਾਊ ਤਾਕਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਫਿਰਕੂ ਪਾੜਾ ਪਾਉਣ ਦੇ ਮਨਸੂਬੇ ਕਿਸੇ ਵੀ ਕੀਮਤ ਉਤੇ ਸਿਰੇ ਨਹੀਂ ਚੜ੍ਹਨ ਦਿਆਂਗੇ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਮਾਜਿਕ ਸਾਂਝ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਤੇ ਮਜ਼ਬੂਤ ਹਨ ਕਿ ਸੂਬੇ ਦੀ ਜਰਖੇਜ਼ ਜ਼ਮੀਨ ਵਿੱਚ ਕੁਝ ਵੀ ਪੈਦਾ ਕੀਤਾ ਜਾ ਸਕਦਾ ਪਰ ਇੱਥੇ ਨਫ਼ਰਤ ਦੇ ਬੀਜ ਨਹੀਂ ਪੁੰਗਰ ਸਕਦੇ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਕਿ ਸੂਬੇ ਵਿੱਚ ਵੱਡੇ ਯਤਨਾਂ ਨਾਲ ਹਾਸਲ ਕੀਤੀ ਅਮਨ-ਸ਼ਾਂਤੀ ਵਿੱਚ ਕੁਝ ਲੋਕ ਵਿਘਨ ਪਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪਰ ਇਸ ਦੇ ਜਵਾਬ ਵਿੱਚ ਸਗੋਂ ਪੰਜਾਬੀਆਂ ਨੇ ਆਪਸੀ ਮਿਲਵਰਤਣ, ਸਦਭਾਵਨਾ ਤੇ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੀ ਅਗਵਾਈ ਵਿੱਚ ਸਾਡੇ ਪੁਰਖਿਆਂ ਵੱਲੋਂ ਤਿਆਰ ਕੀਤਾ ਸੰਵਿਧਾਨ ਸਾਲ 1950 ਵਿੱਚ ਅੱਜ ਦੇ ਦਿਨ ਲਾਗੂ ਹੋਣ ਨਾਲ ਭਾਰਤ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਜਮਹੂਰੀ ਅਤੇ ਧਰਮ ਨਿਰਪੱਖ ਗਣਰਾਜ ਬਣਿਆ । ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਸੱਚਮੁੱਚ ਮਾਣ ਵਾਲੇ ਪਲ ਸਨ ਕਿਉਂਕਿ ਸਾਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਤਾਕਤ ਮਿਲੀ, ਜਿਸ ਨਾਲ ਸਾਡੇ ਵਡੇਰਿਆਂ ਵੱਲੋਂ ‘ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ` ਸਰਕਾਰ ਦਾ ਦੇਖਿਆ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ । ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਹਰ ਲੰਘਦੇ ਦਿਨ ਨਾਲ ਦੇਸ਼ ਵਿੱਚ ਜਮਹੂਰੀਅਤ ਮਜ਼ਬੂਤ ਹੋਈ ਹੈ ਕਿਉਂਕਿ ਦੇਸ਼ ਵਾਸੀਆਂ ਨੇ ਜਮਹੂਰੀ ਕਦਰਾਂ-ਕੀਮਤਾਂ ਵਿੱਚ ਅਟੁੱਟ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਅਤੇ ਬਿਨਾਂ ਕਿਸੇ ਭੈਅ ਦੇ ਮਤਦਾਨ ਕਰ ਕੇ ਸਪੱਸ਼ਟ ਫੈਸਲਾ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀਆਂ ਖ਼ਾਸ ਕਰ ਕੇ ਪੰਜਾਬੀਆਂ ਨੇ ਦੇਸ਼ ਦੀ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਪ੍ਰਭੂਸੱਤਾ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦਾ ਡਟ ਕੇ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਦੇਸ਼ ਭਗਤਾਂ ਨੇ ਦੇਸ਼ ਦੀ ਸ਼ਾਨ ਅਤੇ ਪ੍ਰਭੂਸੱਤਾ ਦੀ ਰਾਖੀ ਲਈ 1947, 1962, 1965, 1971 ਦੀ ਜੰਗ ਅਤੇ ਫਿਰ ਕਾਰਗਿਲ ਜੰਗ ਦੌਰਾਨ ਦੇਸ਼ ਦੀ ਰਾਖੀ ਕਰਨ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ ।