

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਾਮ ਇੱਥੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਰਮਜੀਤ ਅਨਮੋਲ, ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਜੂਦ ਰਹੇ। ਅੱਜ ਮਹਿਜ਼ ਇਹ ਵੀ ਇਤਫ਼ਾਕ ਰਿਹਾ ਕਿ ਜਿਸ ਸਮੇਂ ਬਾਜ਼ਾਰ ਵਿੱਚ ਭਗਵੰਤ ਮਾਨ ਦਾ ਰੋਡ ਸ਼ੋਅ ਸੀ, ਠੀਕ ਉਸ ਵਕਤ ਇਥੇ ਰਾਮਲੀਲਾ ਮੈਦਾਨ ਵਿੱਚ ਸੁਖਬੀਰ ਸਿੰਘ ਬਾਦਲ ਚੋਣ ਜਲਸੇ ਨੂੰ ਸੰਬੋਧਨ ਕਰਨ ਪੁੱਜੇ ਹੋਏ ਸਨ। ਮੁੱਖ ਮੰਤਰੀ ਨੇ ਕਟਾਖਸ਼ ਕੀਤਾ, ‘ਪਤਾ ਲੱਗਾ ਹੈ ਕਿ ਇੱਥੇ ‘ਪਰਿਵਾਰ ਬਚਾਓ’ ਵਾਲੇ ਵੀ ਆਏ ਹੋਏ ਨੇ।’ ਉਨ੍ਹਾਂ ਕਿਹਾ, ‘ਜੈਤੋ ਉਹੀ ਨਗਰੀ ਹੈ, ਜਿੱਥੇ ਮੋਰਚਾ ਲੱਗਾ ਸੀ ਅਤੇ ਖੂਹਾਂ ’ਚ ਜ਼ਹਿਰ ਪਾਈ ਗਈ ਸੀ।’ ਸੁਖਬੀਰ ਬਾਦਲ ਦੀ ‘ਪੰਜਾਬ ਬਚਾਓ’ ਯਾਤਰਾ ’ਤੇ ਨਿਸ਼ਾਨਾ ਸੇਧਦਿਆਂ ਭਗਵੰਤ ਮਾਨ ਨੇ ਕਿਹਾ, ‘‘ਉਹ ਆਪਣੇ ਨਾਲ ਦੇ ਅਫ਼ਸਰਾਂ ਨੂੰ ਕਹਿੰਦੇ ਨੇ ਜਦੋਂ ਤਾਪਮਾਨ ਘਟ ਗਿਆ ਦੱਸਿਓ, ਫਿਰ ਪੰਜਾਬ ਬਚਾਉਣ ਚੱਲਾਂਗੇ। ਇਹ ਲੋਕ ਪੈਰਾਂ ਹੇਠੋਂ ਖਿਸਕ ਚੁੱਕੀ ਜ਼ਮੀਨ ਭਾਲਦੇ ਫਿਰਦੇ ਹਨ, ਜੋ ਕਦੇ ਲੱਭਣੀ ਨਹੀਂ’। ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ‘ਸੁਖ ਵਿਲਾਸ’ ਹੋਟਲ ’ਚ ਸਕੂਲ ਬਣਾਵੇਗੀ ਤੇ ਨਾਅਰਾ ਹੋਵੇਗਾ ‘ਇਹੋ ਜਿਹਾ ਸਕੂਲ, ਜਿੱਥੇ ਹਰ ਕਮਰੇ ਨਾਲ ਪੂਲ’। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਗਰੀਬੀ ਦੇ ਜੂਲੇ ਹੇਠੋਂ ਨਿੱਕਲਣ ਦਾ ਇੱਕੋ ਹੱਲ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਕਿਹਾ, ‘ਅਗਲੇ ਤਿੰਨ ਸਾਲ ਖੁੱਲ੍ਹ ਕੇ ਕੰਮ ਕਰਾਂਗੇ ਅਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਕੇ ਦਮ ਲਵਾਂਗੇ।’ ਕਰਮਜੀਤ ਅਨਮੋਲ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਦੋਵੇਂ ਗਿਆਰ੍ਹਵੀਂ ਤੋਂ ਇਕੱਠੇ ਪੜ੍ਹੇ ਹਨ ਅਤੇ ਮਿਹਨਤ ਕਰਕੇ ਛੋਟੇ ਘਰਾਂ ਤੋਂ ਇੱਥੋਂ ਤੱਕ ਅੱਪੜੇ ਹਨ। ਕਰਮਜੀਤ ਅਨਮੋਲ ਨੇ ਧੰਨਵਾਦੀ ਭਾਸ਼ਨ ’ਚ ਕਿਹਾ ਕਿ ਪਹਿਲਾਂ ਗਾਇਕੀ, ਫਿਰ ਅਦਾਕਾਰੀ ਅਤੇ ਹੁਣ ਰਾਜਨੀਤੀ ’ਚ ਮੁੱਖ ਮੰਤਰੀ ਨੇ ਹਮੇਸ਼ਾ ਹੀ ਉਨ੍ਹਾਂ ਦੀ ਬਾਂਹ ਫੜ ਕੇ ਨਾਲ ਤੋਰਿਆ ਹੈ। ਮੋਗਾ ਵਿੱਚ ਰੋਡ ਸ਼ੋਅ ਦੌਰਾਨ ਠੇਕਾ ਕਾਮਿਆਂ ਨਾਲ ਧੱਕਾ-ਮੁੱਕੀ