ਹਰਦੋਈ ਦੇ ਥਾਣੇ ਚ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ ਹਰਦੋਈ, 13 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਦੇ ਪਾਲੀ ਥਾਣਾ ਕੰਪਲੈਕਸ ਚ ਇਕ ਸਨਸਨੀਖੇਜ਼ ਘਟਨਾ ਵਾਪਰੀ, ਜਦੋਂ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਥਾਣੇ ਦੇ ਅੰਦਰ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ । ਇਹ ਘਟਨਾ ਪੁਲਸ ਦੀ ਮੌਜੂਦਗੀ ਚ ਵਾਪਰੀ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ । 2 ਪੁਲਸ ਮੁਲਾਜ਼ਮ ਮੁਅੱਤਲ ਇਸ ਮਾਮਲੇ ਚ ਥਾਣੇ ਦੇ 2 ਪੁਲਸ ਮੁਲਾਜ਼ਮਾਂ ਨੂੰ ਲਾਪਰਵਾਹੀ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ । ਘਟਨਾ ਸੋਮਵਾਰ ਸਵੇਰੇ ਲੱਗਭਗ 10.45 ਵਜੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾ ਸੋਨੀ, ਜੋ 5 ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਘਰੋਂ ਚਲੀ ਗਈ ਸੀ, ਨੂੰ ਪੁਲਸ ਨੇ ਐਤਵਾਰ ਨੂੰ ਬਰਾਮਦ ਕਰ ਕੇ ਥਾਣੇ ਲਿਆਂਦਾ ਸੀ। ਸੋਮਵਾਰ ਨੂੰ ਉਸ ਦਾ ਮੈਡੀਕਲ ਟੈਸਟ ਹੋਣਾ ਸੀ । ਸਵੇਰੇ ਸੋਨੀ ਥਾਣੇ ਦੀ ਮੈੱਸ ਤੋਂ ਖਾਣਾ ਖਾ ਕੇ ਬਾਹਰ ਨਿਕਲੀ ਹੀ ਸੀ ਕਿ ਉਦੋਂ ਹੀ ਉਸ ਦਾ ਪਤੀ ਅਨੂਪ ਥਾਣੇ ਪਹੁੰਚ ਗਿਆ । ਮੁਲਜ਼ਮ ਕੋਲੋਂ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ ਹਿਰਾਸਤ ਵਿਚ ਸੂਤਰਾਂ ਅਨੁਸਾਰ ਅਨੂਪ ਪਹਿਲਾਂ ਹੀ ਗੁੱਸੇ ਚ ਸੀ । ਉਸ ਨੇ ਸੋਨੀ ਨੂੰ ਗੋਲੀ ਮਾਰ ਦਿੱਤੀ, ਜੋ ਉਸ ਦੇ ਸੱਜੇ ਮੋਢੇ ਤੇ ਲੱਗੀ । ਗੋਲੀ ਚੱਲਣ ਤੋਂ ਬਾਅਦ ਥਾਣੇ ਚ ਹਫੜਾ-ਦਫੜੀ ਮਚ ਗਈ । ਪੁਲਸ ਮੁਲਾਜ਼ਮਾਂ ਨੇ ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਮੁਲਜ਼ਮ ਪਤੀ ਨੂੰ ਹਿਰਾਸਤ ਚ ਲੈ ਲਿਆ ਹੈ ਅਤੇ ਉਸ ਕੋਲੋਂ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ ।
