ਪੰਜਾਬ ਜਿਮਨੀ ਚੋਣ ਵਿਚ ਇਕ ਹਫ਼ਤੇ ਦਾ ਸਮਾ ਵਧਾਉਣ ਨਾਲ ਤਾਇਨਾਤ ਕੀਤੇ ਸਿਵਲ ਤੇ ਸੁਰੱਖਿਆ ਸਟਾਫ਼ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ
- by Jasbeer Singh
- November 8, 2024
ਪੰਜਾਬ ਜਿਮਨੀ ਚੋਣ ਵਿਚ ਇਕ ਹਫ਼ਤੇ ਦਾ ਸਮਾ ਵਧਾਉਣ ਨਾਲ ਤਾਇਨਾਤ ਕੀਤੇ ਸਿਵਲ ਤੇ ਸੁਰੱਖਿਆ ਸਟਾਫ਼ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ : ਮੁੱਖ ਚੋਣ ਅਧਿਕਾਰੀ ਚੰਡੀਗੜ੍ਹ : ਪੰਜਾਬ ਵਿਚ 13 ਦੀ ਥਾਂ 20 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਜਿਮਨੀ ਚੋਣਾਂ ਸਬੰਧੀ ਜਿਥੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ. ਸੀ. ਨੇ ਲੰਬੇ ਚੌੜੇ ਵੇਰਵਿਆਂ ਨਾਲ ਪਿਛਲੇ ਦਿਨੀਂ ਜਾਇਜ਼ਾ ਲਿਆ, ਉਥੇ ਉਨ੍ਹਾਂ ਸਿਵਲ ਪ੍ਰਬੰਧਾਂ ਦੇ ਨਾਲ ਨਾਲ ਸੁਰੱਖਿਆ ਤੇ ਹੋਰ ਸਖ਼ਤ ਇੰਤਜ਼ਾਮ ਵੀ ਕੀਤੇ। ਮੁੱਖ ਚੋਣ ਅਧਿਕਾਰੀ ਸਿਬਨ. ਸੀ. ਨੇ ਦਸਿਆ ਕਿ ਇਕ ਹਫ਼ਤੇ ਦਾ ਸਮਾ ਵਧਾਉਣ ਨਾਲ ਤਾਇਨਾਤ ਕੀਤੇ ਸਿਵਲ ਤੇ ਸੁਰੱਖਿਆ ਸਟਾਫ਼ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਬਾਹਰਲੇ ਸੂਬਿਆਂ ਤੋਂ ਆਏ 12 ਸੀਨੀਅਰ ਅਧਿਕਾਰੀ ਬਤੌਰ ਆਬਜ਼ਰਵਰ ਹੁਣ 23 ਨਵੰਬਰ ਯਾਨੀ ਚੋਣਾਂ ਦੇ ਨਤੀਜੇ ਆਉਣ ਤਕ ਆਪੋ ਅਪਣੀ ਥਾਵਾਂ ’ਤੇ ਹਲਕਿਆਂ ਵਿਚ ਹੀ ਡਿਊਟੀ ਨਿਭਾਉਣਗੇ। ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦਸਿਆ ਕਿ ਇਨ੍ਹਾਂ 12 ਆਬਜ਼ਰਵਰਾਂ ਵਿਚ 4 ਆਈ. ਏ. ਐਸ. ਅਫ਼ਸਰ, 4 ਹੀ ਆਈ. ਪੀ. ਐਸ. ਅਤੇ 4 ਆਈ. ਆਰ. ਐਸ. ਸੀਨੀਅਰ ਅਫ਼ਸਰ, 2011, 2012 ਅਤੇ 2015 ਬੈਂਚ ਦੇ ਬੰਗਾਲ, ਆਂਧਰਾ ਪ੍ਰੇਦਸ਼, ਛੱਤੀਸਗੜ੍ਹ ਅਤੇ ਹੋਰ ਸੂਬਿਆਂ ਤੋਂ ਹਨ। ਸੀਨੀਅਰ 4 ਆਈ. ਏ. ਐਸ. ਨੂੰ ਜਨਰਲ ਆਬਜ਼ਰਵਰ, ਆਈ. ਪੀ. ਐਸ. ਨੂੰ ਸੁਰੱਖਿਆ ਯਾਨੀ ਪੁਲਸ ਆਬਜ਼ਰਵਰ ਅਤੇ ਆਈ. ਆਰ. ਐਸ. ਅਧਿਕਾਰੀਆਂ ਨੂੰ ਬਤੌਰ ਖ਼ਰਚਾ ਆਬਜ਼ਰਵਰ ਦੀ ਡਿਊਟੀ ਦਿਤੀ ਹੈ। ਸਿਬਨ. ਸੀ. ਨੇ ਦਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਵਿਚ ਕੁਲ 1,93,268 ਵੋਟਰਾਂ ਲਈ 241 ਪੋਲਿੰਗ ਸਟੇਸ਼ਨ, ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਚੱਬੇਵਾਲ (ਰਿਜ਼ਰਵ) ਵਿਚ 1,59,254 ਵੋਟਰਾਂ ਵਾਸਤੇ 205, ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਚ ਕੁਲ 1,66,489 ਵੋਟਰਾਂ ਵਾਸਤੇ 173 ਅਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਕੁਲ 1,77,305 ਵੋਟਰਾਂ ਵਾਸਤੇ 212 ਪੋਲਿੰਗ ਸਟੇਸ਼ਨ ਤਿਆਰ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ 20 ਤਰੀਕ ਨੂੰ ਪੋਲਿੰਗ ਵਾਲੇ ਦਿਨ ਵੋਟਾਂ ਵਾਸਤੇ 7 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ ਅਤੇ 85 ਸਾਲ ਦੀ ਉਮਰ ਵਾਲੇ ਤੇ ਵਿਕਲਾਂਗ ਵੋਟਰਾਂ ਲਈ ਘਰੋਂ ਵੋਟ ਪੁਆਉਣ ਦਾ ਪ੍ਰਬੰਧ ਵੀ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਾਰੇ 831 ਪੋਲਿੰਗ ਸਟੇਸ਼ਨਾਂ ਦੀ ਵੀਡੀਉਗ੍ਰਾਫ਼ੀ ਦਾ ਇੰਤਜ਼ਾਮ ਵੀ ਹੋ ਚੁੱਕਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.