post

Jasbeer Singh

(Chief Editor)

Patiala News

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਕੰਮ ਤੇਜੀ ਨਾਲ ਜਾਰੀ

post-img

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਕੰਮ ਤੇਜੀ ਨਾਲ ਜਾਰੀ -ਮੁੱਖ ਮੰਤਰੀ ਵੱਲੋਂ ਕੰਮ ਦੀ ਲਗਾਤਾਰ ਕੀਤੀ ਜਾ ਰਹੀ ਮੋਨੀਟਰਿੰਗ- ਐਡਵਾਇਜਰੀ ਮੈਨੇਜਿੰਗ ਕਮੇਟੀ -ਮਹੇਸ਼ ਮਿੱਤਲ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਨਵੇਂ ਚੇਅਰਮੈਨ ਨਿਯੁਕਤ -ਕਿਹਾ, ਮੰਦਰ ਨਵੀਨੀਕਰਨ ਦੇ ਕੰਮ ਆਉਂਦੇ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਏ ਜਾਣਗੇ -ਮੰਦਰ ਦੀ ਪਵਿੱਤਰਤਾ ਤੇ ਵਿਰਾਸਤੀ ਆਰਕੀਟੈਕਚਰ ਨੂੰ ਬਰਕਰਾਰ ਰੱਖਦਿਆਂ ਮੰਦਰ ਦੀ ਸ਼ਾਨ 'ਚ ਵਾਧਾ ਕਰਨਗੇ ਨਵੀਨੀਕਰਨ ਪ੍ਰਾਜੈਕਟ ਪਟਿਆਲਾ, 29 ਦਸੰਬਰ 2025 : ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਉਪਰ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ।ਇਹ ਪ੍ਰਗਟਾਵਾ ਕਰਦਿਆਂ ਮੰਦਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਸੀ.ਏ. ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਇਨ੍ਹਾਂ ਕੰਮਾਂ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਅਤੇ ਐਸ ਡੀ ਐਮ ਹਰਜੋਤ ਕੌਰ ਮਾਵੀ ਵੀ ਮੌਜੂਦ ਸਨ। ਮੰਦਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਏ. ਅਜੇ ਅਲੀਪੁਰੀਆ ਅਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਲਈ ਕਰੀਬ 75 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਸੀ । ਉਨ੍ਹਾਂ ਕਿਹਾ ਕਿ ਇਹਨਾਂ ਕੰਮਾਂ ਨੂੰ ਆਉਂਦੇ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਸ਼ਾਨਦਾਰ ਮੰਦਿਰ ਦੇ ਦਰਸ਼ਨ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਮਹੇਸ਼ ਮਿੱਤਲ (ਲੁਧਿਆਣਾ ਦੇ ਉੱਘੇ ਸਨਅਤਕਾਰ) ਨੂੰ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਕਮੇਟੀ ਵੱਲੋਂ ਸਿੱਖਿਆ ਸਬੰਧੀ ਵੀ ਕੰਮ ਕੀਤੇ ਜਾਣਗੇ। ਸੀ.ਏ. ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਰਾਜ ਸਰਕਾਰ ਨੇ ਸ੍ਰੀ ਕਾਲੀ ਮਾਤਾ ਮੰਦਰ ਨੂੰ ਨਵਾਂ ਰੂਪ ਦੇਣ ਲਈ ਇਨ੍ਹਾਂ ਪ੍ਰਾਜੈਕਟਾਂ ਵਿੱਚ ਮੰਦਰ ਦੇ ਸਰੋਵਰ ਸਾਫ਼ ਨਹਿਰੀ ਪਾਣੀ ਦੀ ਸਪਲਾਈ ਦਾ ਵੀ ਸਿਖਰਾਂ 'ਤੇ ਹੈ ਤੇ ਮੰਦਰ ਦੇ ਮੌਜੂਦਾ ਸੀਵਰੇਜ ਤੇ ਡਰੇਨੇਜ ਢਾਂਚੇ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ।ਜਦੋਂਕਿ ਮੰਦਰ ਕੰਪਲੈਕਸ ਦੇ ਅੰਦਰ ਸ਼ੁਰੂ ਹੋਇਆ ਆਮ ਆਦਮੀ ਕਲੀਨਿਕ ਵੀ ਸ਼ਰਧਾਲੂਆਂ ਤੇ ਨੇੜਲੇ ਵਸਨੀਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਮੰਦਰ ਐਡਵਾਈਜਰੀ ਕਮੇਟੀ ਨੇ ਅੱਗੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਰੋਵਰ ਦੇ ਆਲੇ-ਦੁਆਲੇ ਨਵਾਂ ਰਸਤਾ ਬਣਾਇਆ ਜਾ ਰਿਹਾ ਹੈ, ਜਿਸ ਦੀ ਆਰ.ਸੀ.ਸੀ. ਨੀਂਹ ਦਾ ਕੰਮ ਚੱਲ ਰਿਹਾ ਹੈ।ਇਸ ਦੇ ਨਾਲ ਹੀ ਪ੍ਰਵੇਸ਼ ਦੁਆਰ ਅਤੇ ਸਰੋਵਰ ਦਾ ਨਿਰਮਾਣ ਸਮੇਤ 6 ਬਿਲਡਿੰਗ ਬਲਾਕ ਬਣਾਏ ਜਾਣੇ ਹਨ। ਇਨ੍ਹਾਂ ਵਿੱਚ ਬਲਾਕ 1 ਵਿੱਚ ਸੁਰੱਖਿਆ ਕਮਰਾ, ਪੁੱਛਗਿੱਛ ਕਮਰਾ, ਪਖਾਨੇ, ਮੀਟਰ ਰੂਮ ਤੇ ਐਚਟੀ ਪੈਨਲ ਰੂਮ ਸ਼ਾਮਲ ਹਨ। ਬਲਾਕ 2 ਮੁੱਖ ਪ੍ਰਵੇਸ਼ ਪਵੇਲੀਅਨ ਇਮਾਰਤ ਹੈ ਜੋ ਪ੍ਰਸਤਾਵਿਤ ਲੰਗਰ ਹਾਲ ਨਾਲ ਜੁੜੇਗੀ। ਬਲਾਕ 3 'ਚ ਮੁੱਖ ਲੰਗਰ ਹਾਲ ਹੈ, ਜਿਸਦੀ ਛੱਤ ਉਪਰ ਐਂਫੀਥੀਏਟਰ ਬਣੇਗਾ ਅਤੇ ਦੋਵੇਂ ਪਾਸੇ 4 ਲਿਫਟਾਂ ਲੱਗਣਗੀਆਂ। ਕਮੇਟੀ ਨੇ ਹੋਰ ਦੱਸਿਆ ਕਿ ਬਲਾਕ 4 ਵਿੱਚ ਰੱਖ-ਰਖਾਅ ਸਟਾਫ/ਪੰਪ ਪੈਨਲ ਰੂਮ, ਇਲੈਕਟ੍ਰੀਕਲ ਪੈਨਲ ਰੂਮ ਅਤੇ ਪੰਪ ਰੂਮ ਸ਼ਾਮਲ ਹਨ।ਬਲਾਕ 5 ਕੁੰਡ ਐਂਟਰੀ ਪੋਰਟਲ ਹੈ, ਇਸ ਵਿੱਚ ਸਰੋਵਰ ਖੇਤਰ ਦਾ ਮੁੱਖ ਪ੍ਰਵੇਸ਼ ਦੁਆਰ ਹੈ ਅਤੇ ਬਲਾਕ 6 ਜਮੀਨੀ ਤੇ ਇੱਕ ਉਪਰੀ ਮੰਜ਼ਿਲ ਦਾ ਢਾਂਚਾ ਹੋਵੇਗਾ ਜਿਸ ਵਿੱਚ ਪ੍ਰਸਾਦ ਘਰ, ਸ਼ੋਅ ਕਲੈਕਸ਼ਨ ਰੂਮ, ਪਖਾਨਾ ਬਲਾਕ, ਕੈਫੇ ਖੇਤਰ, ਮੀਟਿੰਗ ਹਾਲ, ਗੁੰਮਸ਼ੁਦਗੀ ਤੇ ਮਿਲੀਆਂ ਚੀਜ਼ਾਂ ਦਾ ਕਮਰਾ, ਸਟਾਫ ਡੌਰਮਿਟਰੀ, 4 ਮਹਿਮਾਨ ਕਮਰਿਆਂ ਵਾਲਾ ਐਡਮਿਨ ਦਫ਼ਤਰ ਸ਼ਾਮਲ ਹੋਵੇਗਾ। ਸੀਏ ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਮੰਦਰ ਦੇ ਸਾਰੇ ਪ੍ਰਵੇਸ਼ ਦੁਆਰਾਂ ਨੂੰ ਰਵਾਇਤੀ ਵਾਸਤੂ ਕਲਾ ਮੁਤਾਬਕ ਸ਼ਹਿਰੀ ਯੋਜਨਾਬੰਦੀ ਅਤੇ ਵਿਰਾਸਤ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਕੇ ਮੁੜ ਡਿਜ਼ਾਈਨ ਕੀਤਾ ਜਾ ਰਿਹਾ ਹੈ।ਇਹ ਪ੍ਰੋਜੈਕਟ ਮੰਦਰ ਦੀ ਪਵਿੱਤਰਤਾ ਤੇ ਇਸਦੀ ਵਿਰਾਸਤੀ ਆਰਕੀਟੈਕਚਰ ਨੂੰ ਬਰਕਰਾਰ ਰੱਖਦਿਆਂ ਮੰਦਰ ਦੀ ਸ਼ਾਨ ਵਿੱਚ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਦੱਸਿਆ ਕਿ ਮੰਦਰ ਦੀ ਅਧਿਆਤਮਿਕਤਾ ਅਤੇ ਸੁੰਦਰਤਾ ਵਿੱਚ ਵਾਧਾ ਕਰਨ ਲਈ ਪ੍ਰਮੁੱਖ ਤੀਰਥ ਅਸਥਾਨਾਂ ਦੀ ਤਰ੍ਹਾਂ ਸਰੋਵਰ ਨਜਦੀਕ ਇੱਕ ਲਾਈਟ ਐਂਡ ਸਾਊਂਡ ਸ਼ੋਅ ਕਰਵਾਉਣ ਲਈ ਪ੍ਰਬੰਧ ਕੀਤੇ ਜਾਣਗੇ । ਮੰਦਰ ਐਡਵਾਈਜਰੀ ਕਮੇਟੀ ਮੈਂਬਰਾਂ ਸੀਏ ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸ਼ਰਧਾਲੂਆਂ ਦੇ ਜਿਆਦਾ ਇਕੱਠ ਨੂੰ ਨਿਯੰਤਰਨ ਕਰਨ ਅਤੇ ਪ੍ਰਸ਼ਾਦ ਦੀ ਸੁਚਾਰੂ ਵੰਡ ਯਕੀਨੀ ਬਣਾਉਣ ਲਈ, ਮਾਤਾ ਵੈਸ਼ਨੋ ਦੇਵੀ ਮੰਦਰ ਦੀ ਤਰ੍ਹਾਂ ਇੱਕ ਟੋਕਨ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਰੂਹਾਨੀ ਕੇਂਦਰ ਨੂੰ ਪੰਜਾਬ ਦੇ ਇੱਕ ਵਾਸਤੂ ਕਲਾ ਦੇ ਨਮੂਨੇ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Related Post

Instagram