

ਚੰਗੀ ਸਿਹਤ ਲਈ ਯੋਗ ਅਤਿ ਜ਼ਰੂਰੀ: ਰਾਜਵੰਤ ਸਿੰਘ ਘੁੱਲੀ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਨੇ ਵਿਸ਼ਵ ਯੋਗ ਦਿਵਸ 2025 ਮਨਾਇਆ ਯੋਗ ਸਾਧਕਾਂ ਨੇ ਨਸ਼ਾ ਛੱਡੋ, ਰੁੱਖ ਲਗਾਓ, ਬਿਜਲੀ ਪਾਣੀ ਬਚਾਊ ਅਤੇ ਰੋਜ਼ਾਨਾ ਯੋਗ ਕਰਨ ਦਾ ਸੰਕਲਪ ਲਿਆ ਧੂਰੀ, 21 ਜੂਨ : ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਜ਼ਿਲ੍ਹਾ ਸੰਗਰੂਰ ਵੱਲੋਂ ਵਿਸ਼ਵ ਯੋਗ ਦਿਵਸ ਭਾਰਤੀ ਯੋਗ ਸੰਸਥਾਨ ਬਰਾਂਚ ਧੂਰੀ ਦੇ ਸਹਿਯੋਗ ਨਾਲ ਰਾਮ ਬਾਗ, ਧੂਰੀ ਵਿਖੇ ਮਦਨ ਲਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਯੋਗ ਸੰਸਥਾਨ ਜ਼ਿਲ੍ਹਾ ਸੰਗਰੂਰ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਵਿੱਚ ਉਚੇਚੇ ਤੌਰ ਉੱਤੇ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਧੂਰੀ ਕੈਂਪਸ ਦੇ ਇੰਚਾਰਜ ਚੈਅਰਮੈਨ ਮਾਰਕੀਟ ਕਮੇਟੀ ਧੂਰੀ, ਸ. ਰਾਜਵੰਤ ਸਿੰਘ ਘੁੱਲੀ ਨੇ ਯੋਗ ਸਾਧਕਾਂ ਨੂੰ ਯੋਗ ਦੇ ਫਾਇਦੇ ਦੱਸ ਕੇ ਵੱਧ ਤੋਂ ਵੱਧ ਯੋਗ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਯੋਗ ਨਾਲ ਮਨੁੱਖ ਸਿਰਫ ਸਰੀਰਕ ਤੌਰ ਉੱਤੇ ਹੀ ਨਹੀਂ ਸਗੋਂ ਮਾਨਸਿਕ ਤੌਰ ਉੱਤੇ ਵੀ ਮਜ਼ਬੂਤ ਹੁੰਦਾ ਹੈ। ਚੰਗੀ ਸਿਹਤ ਤੇ ਖੁਸ਼ੀਆਂ ਭਰੇ ਜੀਵਨ ਲਈ ਯੋਗ ਅਤਿ ਜ਼ਰੂਰੀ ਹੈ ਤੇ ਹਰ ਇਨਸਾਨ ਨੂੰ ਯੋਗ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਸਹਿਕਾਰੀ ਖੇਤੀ ਵਿਕਾਸ ਬੈਂਕ ਜ਼ਿਲ੍ਹਾ ਸੰਗਰੂਰ ਦੇ ਸਹਾਇਕ ਜਨਰਲ ਮੈਨੇਜਰ ਸ਼ੈਲੇਂਦਰ ਕੁਮਾਰ ਗਰਗ ਨੇ ਆਏ ਯੋਗ ਸਾਧਕਾਂ ਦਾ ਸਵਾਗਤ ਕੀਤਾ। ਨਿਸ਼ੀ ਗੋਇਲ ਵੱਲੋ ਸਟੇਜ ਸਕੱਤਰ ਦੀ ਭੂਮੀਕਾ ਬਾਖੂਬੀ ਨਿਭਾਈ ਗਈ ਅਤੇ ਯੋਗ ਸਾਧਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਯੋਗ ਆਸਣ ਕਰਵਾਏ ਗਏ। ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਦੇ ਪ੍ਰਧਾਨ ਸਤਵੰਤ ਸਿੰਘ ਭੱਦਲਵੜ ਨੇ ਦੱਸਿਆ ਕਿ ਰੋਜ਼ਾਨਾ ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਮਹਿੰਦਰ ਗਰਗ ਯੋਗ ਮਾਸਟਰ ਨੇ ਕਿਹਾ ਕਿ ਯੋਗ ਕਰਨ ਨਾਲ ਮਨੁੱਖ ਸਰੀਰਕ ਤੌਰ 'ਤੇ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਮਾਨਸਿਕ ਤੌਰ 'ਤੇ ਵੀ ਬਹੁਤ ਲਾਭ ਹੁੰਦਾ ਹੈ। ਸਬ ਡਵੀਜਨ ਧੂਰੀ ਦੇ ਤਹਿਸੀਲਦਾਰ ਵਿਸ਼ਵਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਯੋਗ ਕਰ ਕੇ ਬਹੁਤ ਵਧੀਆ ਲੱਗਿਆ ਹੈ ਤੇ ਹਰ ਮਨੁੱਖ ਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸਾਰੇ ਯੋਗ ਸਾਧਕਾਂ ਨੇ ਯੋਗ ਸੰਸਥਾਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਨਸ਼ਾ ਛੱਡੋ, ਰੁੱਖ ਲਗਾਓ, ਬਿਜਲੀ ਪਾਣੀ ਬਚਾਓ ਅਤੇ ਰੋਜਾਨਾ ਯੋਗ ਕਰਨ ਦਾ ਸਕੰਲਪ ਲਿਆ । ਅਖੀਰ ਵਿਚ ਮਦਨ ਲਾਲ ਬਾਂਸਲ ਅਤੇ ਸਤਵੰਤ ਸਿੰਘ ਭੱਦਲਵੜ ਵੱਲੋ ਉਘੇ ਯੋਗ ਸਾਧਕਾਂ ਨੂੰ ਮਾਣ ਪੱਤਰ ਵੀ ਭੇਟ ਕੀਤੇ ਗਏ। ਯੋਗ ਸੰਸਥਾਨ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਬਾਂਸਲ ਵੱਲੋਂ ਯੋਗ ਸ਼ਿਵਰ ਦਾ ਸੁਚਾਰੂ ਬੰਦੋਬਸਤ ਕਰਨ ਲਈ ਸੁਰਿੰਦਰ ਗਰਗ ਮੈਨੇਜਰ ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੇ ਮੈਨੇਜਰ ਪਰਮਵੀਰ ਕੌਰ, ਸੁਰਿੰਦਰ ਗਰਗ, ਹਰਜੀਤ ਸਿੰਘ, ਸਹਾਇਕ ਮੈਨੇਜਰ ਹਰਪ੍ਰੀਤ ਸਿੰਘ, ਹਰਮਨਜੀਤ ਸਿੰਘ, ਗਗਨ ਜਿੰਦਲ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ ਅਤੇ ਉਘੇ ਯੋਗ ਸਾਧਕ ਨਿਰਮਲ ਸਿੰਘ, ਸਾਗਰ ਕੁਮਾਰ, ਗੁਰਦੀਪ ਸਿੰਘ ਆਦਿ ਨੇ ਯੋਗ ਕੀਤਾ ।