ਟ੍ਰੇਨ `ਚ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ `ਤੇ ਕਰਨਾ ਪਏਗਾ ਭੁਗਤਾਨ : ਵੈਸ਼ਨਵ
- by Jasbeer Singh
- December 18, 2025
ਟ੍ਰੇਨ `ਚ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ `ਤੇ ਕਰਨਾ ਪਏਗਾ ਭੁਗਤਾਨ : ਵੈਸ਼ਨਵ ਨਵੀਂ ਦਿੱਲੀ, 18 ਦਸੰਬਰ 2025 : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ ਨੂੰ ਦੱਸਿਆ ਕਿ ਟਰੇਨ ਰਾਹੀਂ ਯਾਤਰਾ ਕਰਦੇ ਸਮੇਂ ਯਾਤਰੀਆਂ ਨੂੰ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ ਲਈ ਭੁਗਤਾਨ ਕਰਨਾ ਪਏਗਾ । ਕੇਂਦਰੀ ਮੰਤਰੀ ਨੇ ਇਹ ਜਵਾਬ ਸੰਸਦ ਮੈਂਬਰ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਜੋਂ ਦਿੱਤਾ ਵੈਸ਼ਨਵ ਨੇ ਇਹ ਬਿਆਨ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੇ ਸੰਸਦ ਮੈਂਬਰ ਵੇਮੀਰੈੱਡੀ ਪ੍ਰਭਾਕਰ ਰੈੱਡੀ ਵੱਲੋਂ ਪੁੱਛੇ ਗਏ ਸਵਾਲਾਂ ਦੇ ਲਿਖਤੀ ਜਵਾਬ ਵਿਚ ਦਿੱਤਾ। ਦੂਜੇ ਦਰਜੇ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 35 ਕਿਲੋਗ੍ਰਾਮ ਤੱਕ ਦਾ ਸਾਮਾਨ ਮੁਫ਼ਤ ਅਤੇ ਫੀਸ ਦੇ ਕੇ 70 ਕਿਲੋਗ੍ਰਾਮ ਤੱਕ ਦਾ ਸਾਮਾਨ ਲਿਜਾਣ ਦੀ ਇਜਾਜ਼ਤ ਹੈ। ਇਸ ਦੇ ਨਾਲ ਹੀ, ਸਲੀਪਰ ਕਲਾਸ ਦੇ ਯਾਤਰੀਆਂ ਨੂੰ 40 ਕਿਲੋਗ੍ਰਾਮ ਸਾਮਾਨ ਮੁਫ਼ਤ ਲਿਜਾਣ ਦੀ ਇਜਾਜ਼ਤ ਹੈ ਅਤੇ ਵੱਧ ਤੋਂ ਵੱਧ ਹੱਦ 80 ਕਿਲੋਗ੍ਰਾਮ ਹੈ। ਮੰਤਰੀ ਵੱਲੋਂ ਸਦਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ `ਏ. ਸੀ. ਥ੍ਰੀ ਟੀਅਰ` ਜਾਂ `ਚੇਅਰ ਕਾਰ` ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 40 ਕਿਲੋਗ੍ਰਾਮ ਤੱਕ ਮੁਫ਼ਤ ਸਾਮਾਨ ਲਿਜਾਣ ਦੀ ਆਗਿਆ ਹੈ, ਜੋ ਕਿ ਵੱਧ ਤੋਂ ਵੱਧ ਹੱਦ ਵੀ ਹੈ। ਇਸ ਦੇ ਨਾਲ ਹੀ, ਪਹਿਲੀ ਸ਼੍ਰੇਣੀ ਅਤੇ `ਏਸੀ ਦੋ ਟੀਅਰ’ ਯਾਤਰੀਆਂ ਨੂੰ 50 ਕਿਲੋਗ੍ਰਾਮ ਤੱਕ ਦਾ ਸਾਮਾਨ ਮੁਫਤ ਲਿਜਾਣ ਦੀ ਆਗਿਆ ਹੈ।
