
ਯੁਵਕ ਸੇਵਾਵਾਂ ਵਿਭਾਗ ਨੇ ਐਚਆਈਵੀ ਜਾਗਰੂਕਤਾ ਲਈ ਕੀਤਾ ਵਿਸ਼ੇਸ਼ ਉਪਰਾਲਾ
- by Jasbeer Singh
- October 5, 2024

ਯੁਵਕ ਸੇਵਾਵਾਂ ਵਿਭਾਗ ਨੇ ਐਚਆਈਵੀ ਜਾਗਰੂਕਤਾ ਲਈ ਕੀਤਾ ਵਿਸ਼ੇਸ਼ ਉਪਰਾਲਾ -ਰੈੱਡ ਰਿਬਨ ਕਲੱਬਾਂ ਦੇ ਐਚਆਈਵੀ ਜਾਗਰੂਕਤਾ ਸਬੰਧੀ ਕਰਵਾਏ ਜ਼ਿਲ੍ਹਾ ਪੱਧਰੀ ਰੀਲ ਮੇਕਿੰਗ ਮੁਕਾਬਲੇ : ਡਾ. ਦਿਲਵਰ ਸਿੰਘ -ਕਿਹਾ, ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਪਟਿਆਲਾ, 5 ਅਕਤੂਬਰ : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਸਮੂਹ ਰੈੱਡ ਰਿਬਨ ਕਲੱਬਾਂ ਦਾ ਐਚਆਈਵੀ ਜਾਗਰੂਕਤਾ ਸਬੰਧੀ ਰੀਲ ਮੇਕਿੰਗ ਮੁਕਾਬਲਾ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਰੈੱਡ ਰਿਬਨ ਕਲੱਬਾਂ ਦੇ ਮੈਂਬਰਾਂ ਨੇ ਭਾਗ ਲਿਆ। ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਇਹ ਰੀਲ ਮੇਕਿੰਗ ਮੁਕਾਬਲਾ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਆਦੇਸ਼ਾਂ ਅਨੁਸਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ੍ਹ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਰੀਲ ਮੇਕਿੰਗ ਮੁਕਾਬਲੇ ਦਾ ਮੁੱਖ ਮਕਸਦ ਨੌਜਵਾਨਾਂ ਦੀ ਪ੍ਰਤਿਭਾ ਨੂੰ ਖੋਜਦਿਆਂ ਹੋਇਆਂ ਐਚ.ਆਈ. ਵੀ./ ਏਡਜ਼ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਸੋਸ਼ਲ ਮੀਡੀਆ ਪਲੇਟ ਫਾਰਮ ਦੀ ਵਰਤੋਂ ਕਰਦਿਆਂ ਹੋਇਆਂ ਆਮ ਜਨ ਸਧਾਰਨ ਨੂੰ ਇੱਕ ਸੁਚੱਜਾ ਸੁਨੇਹਾ ਪਹੁੰਚਾਉਣਾ ਹੈ। ਉਹਨਾਂ ਨੇ ਦੱਸਿਆ ਕਿ ਭਾਵੇਂ ਰੀਲ ਮਾਤਰ 30 ਸੈਕੰਡ ਤੋਂ ਲੈ ਕੇ ਇੱਕ ਮਿੰਟ ਤੱਕ ਦੀ ਹੈ ਪਰ ਇਸ ਵਿੱਚ ਵਿਦਿਆਰਥੀਆਂ ਵੱਲੋਂ ਬਹੁਤ ਵੱਡਾ ਸੁਨੇਹਾ ਸਮਾਜ ਨੂੰ ਦਿੱਤਾ ਗਿਆ ਹੈ। ਡਾ. ਸਿੰਘ ਨੇ ਦੱਸਿਆ ਕਿ ਇਸ ਰੀਲ ਮੇਕਿੰਗ ਮੁਕਾਬਲੇ ਲਈ ਚਾਰ ਵਿਸ਼ੇ ਦਿੱਤੇ ਗਏ ਸਨ, ਜਿਸ ਵਿੱਚ ਐਚਆਈਵੀ ਟੈਸਟਿੰਗ, ਐਚਆਈਵੀ ਦੇ ਕਾਰਨ, ਏਡਜ਼ ਪੀੜਤ ਨਾਲ ਸਮਾਜ ਵਿੱਚ ਹੋ ਰਿਹਾ ਭੇਦਭਾਵ ਤੇ ਐਨਏਸੀਓ ਐਪ ਦੇ ਲਾਭ ਤੇ 1097 ਟੋਲ ਫ਼ਰੀ ਨੰਬਰ ਸੀ। ਇਹਨਾਂ ਵਿਸ਼ਿਆਂ ਨੂੰ ਲੈ ਕੇ ਰੈੱਡ ਰਿਬਨ ਕਲੱਬਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਰੀਲਾਂ ਤਿਆਰ ਕੀਤੀਆਂ ਅਤੇ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈ ਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਕ੍ਰਮਵਾਰ 4 ਹਜ਼ਾਰ, 3 ਹਜ਼ਾਰ ਅਤੇ 2 ਹਜ਼ਾਰ ਰੁਪਏ ਦੇ ਨਗਦ ਇਨਾਮ ਪ੍ਰਦਾਨ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਪਹਿਲਾ ਸਥਾਨ, ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਦੂਜਾ ਸਥਾਨ ਅਤੇ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਦਪਿੰਦਰ ਕੌਰ ਨੇ ਵੀ ਰੈੱਡ ਰਿਬਨ ਕਲੱਬਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਅਜੋਕੇ ਸਮੇਂ ਦੇ ਹਾਣੀ ਬਣ ਕੇ ਸਮਾਜ ਵਿੱਚ ਫੈਲੀਆਂ ਹੋਈਆਂ ਮਹਾਂਮਾਰੀਆਂ ਅਤੇ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਦਿਸ਼ਾ ਕਲੱਸਟਰ ਮੈਨੇਜਰ ਯਾਦਵਿੰਦਰ ਸਿੰਘ ਵਿਰਕ ਨੇ ਵੀ ਵਿਦਿਆਰਥੀਆਂ ਨੂੰ ਰੈੱਡ ਰਿਬਨ ਕਲੱਬਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਪ੍ਰੀਤੀ ਭਾਟੀਆ ਅਤੇ ਡਾ.ਰੇਖਾ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.