ਰਾਜਸਥਾਨ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿਚ ਇੱਕ ਪਿਤਾ ਨੇ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਬੂੰਦੀ ਦੇ ਕਾਪਰੇਨ ਥਾਣਾ ਖੇਤਰ ‘ਚ ਇਕ ਪਿਤਾ ਨੇ ਆਪਣੇ 10 ਮਹੀਨਿਆਂ ਦੇ ਮਾਸੂਮ ਪੁੱਤਰ ਨੂੰ ਜ਼ਮੀਨ ‘ਤੇ ਸੁੱਟ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਉਸ ਨੇ ਆਪਣੇ ਸਹੁਰੇ ਘਰ ਵਿਚ ਕੀਤੀ। ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਸੂਮ ਬੱਚੇ ਦੀ ਲਾਸ਼ ਨੂੰ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮੁਲਜ਼ਮ ਮਾਨਸਿਕ ਤੌਰ ਉਤੇ ਥੋੜ੍ਹਾ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਥਾਣਾ ਇੰਚਾਰਜ ਕਮਲ ਸਿੰਘ ਨੇ ਦੱਸਿਆ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਡੋਲਰ ਪਿੰਡ ਵਿੱਚ ਵਾਪਰੀ। ਇਸ ਕਤਲ ਨੂੰ ਅੰਜਾਮ ਦੇਣ ਵਾਲੇ ਪਿਤਾ ਦਾ ਨਾਂ ਜਤਿੰਦਰ ਬੈਰਵਾ ਹੈ। ਉਹ ਪਿੰਡ ਬੜੂੰਦਾ ਦਾ ਰਹਿਣ ਵਾਲਾ ਹੈ ਅਤੇ ਮਾਨਸਿਕ ਤੌਰ ’ਤੇ ਥੋੜ੍ਹਾ ਪ੍ਰੇਸ਼ਾਨ ਹੈ। ਜਤਿੰਦਰ ਬੈਰਵਾ ਆਪਣੇ ਪਰਿਵਾਰ ਨਾਲ ਡੋਲਰ ਪਿੰਡ ਵਿੱਚ ਆਪਣੇ ਸਹੁਰੇ ਘਰ ਰਹਿ ਰਿਹਾ ਹੈ। ਉਸ ਨੇ ਅੱਜ ਤੜਕੇ ਆਪਣੇ ਮਾਸੂਮ ਪੁੱਤਰ ਦਾ ਕਤਲ ਕਰ ਦਿੱਤਾ।
