
ਪੰਜਾਬੀ ਯੂਨੀਵਰਸਿਟੀ ਵਿਖੇ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਸੰਪੰਨ
- by Jasbeer Singh
- May 2, 2025

ਪੰਜਾਬੀ ਯੂਨੀਵਰਸਿਟੀ ਵਿਖੇ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਸੰਪੰਨ -ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਵੱਖ-ਵੱਖ ਪੱਖਾਂ ਬਾਰੇ ਹੋਈਆਂ ਵਿਚਾਰਾਂ ਪਟਿਆਲਾ, 2 ਮਈ : ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ‘ਪੰਜਾਬੀ ਸਹਿਤ ਅਤੇ ਸੱਭਿਆਚਾਰ : ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ਉੱਤੇ ਕਰਵਾਈ ਗਈ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ ਹੋ ਗਈ। ਕਾਨਫ਼ਰੰਸ ਦਾ ਵਿਦਾਇਗੀ ਭਾਸ਼ਣ ਦਿੰਦਿਆਂ ਉੱਘੇ ਚਿੰਤਕ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਨੂੰ ਇਸ ਪੱਖੋਂ ਸਪਸ਼ਟ ਹੋਣ ਦੀ ਲੋੜ ਹੈ ਕਿ ਪੰਜਾਬੀ ਸ਼ਨਾਖਤ ਨੂੰ ਕਿਹੜੇ ਤੱਤਾਂ ਨਾਲ਼ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵਿਸ਼ਵੀਕਰਨ ਦੇ ਦੌਰ ਵਿੱਚ ਸਾਨੂੰ ਬਹੁਤ ਸਾਰੀਆਂ ਗੱਲਾਂ ਨੂੰ ਮੁੜ ਪਰਿਭਾਸਿ਼ਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵਿਸ਼ਵ ਇੱਕ ਪਿੰਡ ਬਣ ਗਿਆ ਹੈ ਅਤੇ ਅਸੀਂ ਵੱਖ-ਵੱਖ ਪਛਾਣਾਂ ਅਤੇ ਸੱਭਿਆਚਾਰਾਂ ਵਾਲ਼ੇ ਸਮਾਜ ਵਿੱਚ ਰਹਿਣਾ ਹੈ ਤਾਂ ਸਾਨੂੰ ਕੁੱਝ ਮਾਮਲਿਆਂ ਵਿੱਚ ਵਧੇਰੇ ਉਦਾਰ ਹੋ ਕੇ ਮੁੜ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਪੁਰਾਣੇ ਸਮਿਆਂ ਦਾ ਅਵਚੇਤਨ ਲੈ ਕੇ ਜਿਉਣਾ ਮੁਸ਼ਕਿਲ ਹੈ। ਉਨ੍ਹਾਂ ਇੱਕ ਹੋਰ ਅਹਿਮ ਟਿੱਪਣੀ ਵਿੱਚ ਕਿਹਾ ਕਿ ਨਿੱਜੀਕਰਨ ਵਿਰੁੱਧ ਲੜਾਈ ਤੋਂ ਬਿਨਾ ਕੋਈ ਵੀ ਲੜਾਈ ਨਹੀਂ ਲੜੀ ਜਾ ਸਕਦੀ। ਵਿਦਾਇਗੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਸਵਰਾਜ ਸਿੰਘ ਨੇ ਸਾਹਿਤ ਅਤੇ ਸੱਭਿਆਚਾਰ ਦੇ ਆਪਸੀ ਰਿਸ਼ਤੇ ਦੇ ਹਵਾਲੇ ਨਾਲ਼ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿੱਚ ਸੱਭਿਆਚਾਰਕ ਪੱਖੋਂ ਸਭ ਤੋਂ ਵਧੇਰੇ ਨੁਕਸਾਨ ਪੰਜਾਬੀਆਂ ਦਾ ਹੋਇਆ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਭਾਸ਼ਾ ਫ਼ੈਕਲਟੀ ਦੇ ਡੀਨ ਡਾ. ਬਲਵਿੰਦਰ ਕੌਰ ਸਿੱਧੂ ਨੇ ਕੀਤੀ। ਉਨ੍ਹਾਂ ਆਪਣੇ ਭਾਸ਼ਣ ਵਿੱਚ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ। ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ ਨੇ ਕਾਨਫ਼ਰੰਸ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਾਨਫ਼ਰੰਸ ਵਿੱਚ ਵਿਸ਼ੇ ਨਾਲ਼ ਸਬੰਧਤ 115 ਖੋਜ ਪੱਤਰ ਸ਼ਾਮਿਲ ਹੋਏ ਹਨ। ਵਿਦਾਇਗੀ ਸੈਸ਼ਨ ਤੋਂ ਪਹਿਲਾਂ ਆਖਰੀ ਅਕਾਦਮਿਕ ਪੈਨਲ ਦੌਰਾਨ ਵਿਚਾਰ-ਚਰਚਾ ਦਾ ਆਰੰਭ ਪ੍ਰੋ. ਸਰਬਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਸੈਸ਼ਨ ਵਿਚ ਪ੍ਰੋ. ਜੋਗਾ ਸਿੰਘ, ਪ੍ਰੋ. ਭੁਪਿੰਦਰ ਸਿੰਘ ਖਹਿਰਾ, ਪ੍ਰੋ. ਜਸਵਿੰਦਰ ਸਿੰਘ ਬੁਲਾਰਿਆਂ ਵਜੋਂ ਸ਼ਾਮਿਲ ਹੋਏ। ਇਸ ਦੌਰਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਅਜੋਕੀ ਸਥਿਤੀ ਨੂੰ ਵਾਚਦਿਆਂ ਸਮਕਾਲੀ ਦੌਰ ਵਿਚ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ। ਮਸ਼ੀਨੀ ਬੁੱਧੀਮਾਨਤਾ ਦੇ ਇਸ ਸਮੇਂ ਵਿਚ ਪੰਜਾਬੀ ਸਾਹਿਤ, ਸੱਭਿਆਚਾਰ ਦੇ ਸਨਮੁਖ ਚੁਣੌਤੀਆਂ ਦੇ ਨਾਲ-ਨਾਲ ਸਾਰਥਿਕ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ। ਵਿਦਾਇਗੀ ਸੈਸ਼ਨ ਮੌਕੇ ਡਾ. ਗੁਰਨਾਇਬ ਸਿੰਘ, ਡਾ. ਰਾਜਿੰਦਰ ਕੁਮਾਰ ਲਹਿਰੀ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਸੀ.ਪੀ. ਕੰਬੋਜ, ਡਾ. ਸੁਰਜੀਤ ਸਿੰਘ ਭੱਟੀ, ਡਾ. ਰਾਜਮੁਹਿੰਦਰ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਪ੍ਰਮਿੰਦਰਜੀਤ ਕੌਰ, ਸ. ਜਸਬੀਰ ਸਿੰਘ ਜਵੱਦੀ, ਹਰਪ੍ਰੀਤ ਸਿੰਘ ਸਾਹਨੀ, ਹਰਨੂਰ ਸਿੰਘ, ਮਨਪ੍ਰੀਤ ਸਿੰਘ, ਡਾ. ਕਰਮਜੀਤ ਕੌਰ, ਡਾ. ਹਰਮਿੰਦਰ ਕੌਰ, ਡਾ. ਅਮਨਜੋਤ ਕੌਰ, ਡਾ. ਜਤਿੰਦਰ ਸਿੰਘ ਮੱਟੂ, ਡਾ. ਅਮਰਿੰਦਰ ਸਿੰਘ, ਅਲੀ ਅਕਬਰ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਵਿਦਵਾਨਾਂ, ਆਲੋਚਕਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ।
Related Post
Popular News
Hot Categories
Subscribe To Our Newsletter
No spam, notifications only about new products, updates.