
ਪੰਜਾਬੀ ਯੂਨੀਵਰਸਿਟੀ ਵਿਖੇ '11ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' 19 ਮਾਰਚ ਤੋਂ
- by Jasbeer Singh
- March 18, 2025

ਪੰਜਾਬੀ ਯੂਨੀਵਰਸਿਟੀ ਵਿਖੇ '11ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' 19 ਮਾਰਚ ਤੋਂ ਪਟਿਆਲਾ, 18 ਮਾਰਚ : ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ '11ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' 19 ਮਾਰਚ ਤੋਂ ਕਲਾ ਭਵਨ ਦੇ ਆਡੀਟੋਰੀਅਮ ਵਿਖੇ ਸ਼ੁਰੂ ਹੋ ਰਿਹਾ ਹੈ । ਇਸ ਸੰਮੇਲਨ ਵਿਚ ਰਾਸ਼ਟਰੀ ਅਤੇ ਖੇਤਰੀ ਪ੍ਰਸਿੱਧੀ ਪ੍ਰਾਪਤ ਸ਼ਾਸਤਰੀ ਸੰਗੀਤਕਾਰ ਭਾਗ ਲੈਣਗੇ। ਪਹਿਲੇ ਦਿਨ ਸੰਮੇਲਨ ਦਾ ਆਰੰਭ ਲੁਧਿਆਣਾ ਤੋਂ ਬਿਕਰਮਜੀਤ ਸਿੰਘ ਦੇ ਰਬਾਬ ਵਾਦਨ ਤੋਂ ਹੋਵੇਗਾ । ਉਪਰੰਤ ਸ਼ਵਨ ਸਿੰਘ ਅਤੇ ਸਾਹਿਲਦੀਪ ਸਿੰਘ ਦੁਆਰਾ ਤਬਲਾ ਜੁਗਲਬੰਦੀ ਪੇਸ਼ ਕੀਤੀ ਜਾਵੇਗੀ। ਅੰਤ ਵਿੱਚ ਜਲੰਧਰ ਤੋਂ ਆ ਰਹੇ ਅਨਮੋਲ ਮੋਹਸਿਨ ਬਾਲੀ ਦੁਆਰਾ ਸ਼ਾਸਤਰੀ ਗਾਇਨ ਕੀਤਾ ਜਾਵੇਗਾ । ਸਮਾਰੋਹ ਦਾ ਦੂਸਰਾ ਦਿਨ ਪਟਿਆਲਾ ਦੇ ਵਿਖ਼ਿਆਤ ਸੰਗੀਤਕਾਰ ਸਵਰਗੀ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਨੂੰ ਸਮਰਪਿਤ ਰਹੇਗਾ, ਜਿਸ ਵਿਚ ਉਹਨਾਂ ਦੇ ਸ਼ਾਗਿਰਦਾਂ ਪ੍ਰੋ. ਹਰਪ੍ਰੀਤ ਸਿੰਘ ਅਤੇ ਹੁਸਨਬੀਰ ਸਿੰਘ ਪੰਨੂ ਦੁਆਰਾ ਸ਼ਾਸਤਰੀ ਗਾਇਨ ਹੋਵੇਗਾ। ਵਿਸ਼ੇਸ਼ ਪ੍ਰਸਤੁਤੀ ਲਈ ਦਿੱਲੀ ਤੋਂ ਮੈਹਰ ਘਰਾਣੇ ਦੇ ਉੱਘੇ ਸਿਤਾਰ ਨਵਾਜ਼ ਸ੍ਰੀ ਸੌਮਿਤ੍ਰ ਠਾਕੁਰ ਪਧਾਰਨਗੇ । ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਐਵਾਰਡ ਪੰਜਾਬ ਘਰਾਣਾ ਦੇ ਉੱਘੇ ਤਬਲਾ ਨਵਾਜ਼ ਪੰਡਿਤ ਰਮਾਕਾਂਤ ਜੀ ਨੂੰ ਪ੍ਰਦਾਨ ਕੀਤਾ ਜਾਵੇਗਾ । ਸਮਾਰੋਹ ਦਾ ਤੀਸਰਾ ਦਿਨ ਪਦਮਸ਼੍ਰੀ ਉਸਤਾਦ ਸੋਹਣ ਸਿੰਘ ਜੀ ਨੂੰ ਸਮਰਪਿਤ ਰਹੇਗਾ, ਜਿਸ ਵਿਚ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵਿੱਚ ਕਾਰਜਰਤ ਗੁਰਪ੍ਰੀਤ ਸਿੰਘ ਦਿਲਰੁਬਾ ਵਾਦਨ ਕਰਨਗੇ । ਅੰਤ ਵਿੱਚ ਬੈਂਗਲੌਰ ਤੋਂ ਪਧਾਰ ਰਹੇ ਪਟਿਆਲਾ ਘਰਾਣਾ ਦੇ ਪੰਡਿਤ ਇਮਨ ਦਾਸ ਸ਼ਾਸਤਰੀ ਗਾਇਨ ਕਰਨਗੇ । ਇਸ ਦਿਨ ਪਦਮਸ਼੍ਰੀ ਉਸਤਾਦ ਸੋਹਣ ਸਿੰਘ ਸਿਮ੍ਰਤੀ ਐਵਾਰਡ ਚੰਡੀਗੜ੍ਹ ਦੀ ਉੱਘੀ ਸ਼ਾਸਤਰੀ ਗਾਇਕਾ ਅਤੇ ਸਮਾਯੋਜਕ ਸ੍ਰੀਮਤੀ ਪ੍ਰਿਮਿਲਾ ਪੁਰੀ ਨੂੰ ਪ੍ਰਦਾਨ ਕੀਤਾ ਜਾਵੇਗਾ । ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਦੱਸਿਆ ਕਿ ਇਹ ਸੰਮੇਲਨ ਪੰਜਾਬੀ ਯੂਨੀਵਰਸਿਟੀ ਦੁਆਰਾ ਆਯੋਜਿਤ ਸੰਗੀਤਕ ਸਮਾਗਮਾਂ ਵਿਚੋਂ ਪ੍ਰਮੁੱਖ ਹੈ । ਵਿਸ਼ੇਸ਼ ਮਹਿਮਾਨਾਂ ਵਜੋਂ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਜਨਾਬ ਮੁਹੰਮਦ ਫ਼ੁਰਕਾਨ ਖ਼ਾਨ, ਏ. ਡੀ. ਜੀ. ਪੀ. ਟਰੈਫ਼ਿਕ ਸ੍ਰੀ ਏ. ਐੱਸ. ਰਾਏ, ਪਟਿਆਲਾ ਦੇ ਪ੍ਰਸਿੱਧ ਚਕਿਤਸਕ ਡਾ. ਸ਼ੈਲੇਸ਼ ਅਗਰਵਾਲ ਆਦਿ ਸਹਿਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗੀਤ ਦੇ ਰਸੀਏ ਹਾਜ਼ਰੀ ਭਰਨਗੇ ।
Related Post
Popular News
Hot Categories
Subscribe To Our Newsletter
No spam, notifications only about new products, updates.