ਪਰਾਲੀ ਸਾੜਨ ਦੇ ਪੰਜਾਬ ਵਿਚ ਆਏ 27 ਮਾਮਲੇ ਸਾਹਮਣੇ ਪਟਿਆਲਾ, ਰੱਖੜਾ, 21 ਸਤੰਬਰ (ਰਾਣਾ ਰੱਖੜਾ) : ਪਰਾਲੀ ਸਾੜਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਪਿਛਲੇ ਪੰਜ ਦਿਨਾਂ ’ਚ ਪਰਾਲੀ ਸਾੜਨ ਦੇ 27 ਮਾਮਲੇ ਸਾਹਮਣੇ ਆਏ ਹਨ ਜਦਕਿ ਅਧਿਕਾਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ’ਚ ਪਰਾਲੀ ਸਾੜਨ ਦੀਆਂ ਵੱਧ ਘਟਨਾਵਾਂ ਵਾਲੀਆਂ ਥਾਵਾਂ ਉਤੇ ਮੁਹਿੰਮ ਚਲਾਈ ਹੈ ਤਾਂ ਜੋ ਕਿਸਾਨਾਂ ’ਚ ਇਸ ਪ੍ਰਥਾ ਵਿਰੁਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਅੰਮ੍ਰਿਤਸਰ ’ਚ ਪਰਾਲੀ ਸਾੜਨ ਦੀਆਂ ਸੱਭ ਤੋਂ ਵੱਧ 18, ਤਰਨਤਾਰਨ ’ਚ 5, ਪਟਿਆਲਾ ’ਚ 3 ਅਤੇ ਫ਼ਿਰੋਜ਼ਪੁਰ ’ਚ 1 ਘਟਨਾ ਸਾਹਮਣੇ ਆਈ ਹੈ। ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਨੂੰ ਅਕਸਰ ਅਕਤੂਬਰ ਅਤੇ ਨਵੰਬਰ ਵਿਚ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਦਿੱਲੀ ਵਿਚ ਹਵਾ ਪ੍ਰਦੂਸ਼ਣ ਵਿਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਤਰਕ ਇਹ ਹੈ ਕਿ ਪਰਾਲੀ ਇਸ ਕਾਰਨ ਸਾੜੀ ਜਾਂਦੀ ਹੈ ਕਿਉਂਕਿ ਝੋਨੇ ਦੀ ਕਟਾਈ ਤੋਂ ਬਾਅਦ ਹਾੜ੍ਹੀ ਦੀ ਫ਼ਸਲ ਕਣਕ ਦੀ ਬਿਜਾਈ ਲਈ ਸਮਾਂ ਬਹੁਤ ਘੱਟ ਹੁੰਦਾ ਹੈ। ਕੁੱਝ ਕਿਸਾਨ ਅਗਲੀ ਗ਼ਸਲ ਦੀ ਬਿਜਾਈ ਲਈ ਖੇਤਾਂ ਨੂੰ ਜਲਦੀ ਸਾਫ਼ ਕਰਨ ਲਈ ਉਨ੍ਹਾਂ ਵਿਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੰਦੇ ਹਨ।

