'ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ' ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਰੋਸ਼ਨੀ ਅਤੇ ਆਵਾਜ਼ ਸ਼ੋਅ ਨੇ ਸੰਗਤ ਨੂੰ ਰੂਹਾਨੀ ਰੰਗਾਂ ਨਾਲ ਰੰਗਿਆ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦਾ ਸ਼ਾਨਦਾਰ ਰੋਸ਼ਨੀ ਤੇ ਆਵਾਜ਼ ਸ਼ੋਅ ਦੇਖਣ ਪੁੱਜੇ ਵੱਡੀ ਗਿਣਤੀ ’ਚ ਸ਼ਰਧਾਲੂ ‘ਹਿੰਦ ਦੀ ਚਾਦਰ' ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ ਦੀ ਅਲੌਕਿਕ ਪੇਸ਼ਕਾਰੀ ਦੇਖ ਕੇ ਸੰਗਤ ਹੋਈ ਭਾਵੁਕ ਪੰਜਾਬ ਸਰਕਾਰ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਨਿਮਰ ਸੇਵਾ ਵਜੋਂ ਮਨਾਇਆ ਜਾ ਰਿਹਾ- ਡਾ. ਬਲਬੀਰ ਸਿੰਘ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਰਾਜ ਪੱਧਰੀ ਸਮਾਗਮਾਂ ਵਿੱਚ ਲੋਕਾਂ ਨੂੰ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਮਾਲੇਰਕੋਟਲਾ, 21 ਨਵੰਬਰ 2025 : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ‘ਹਿੰਦ ਦੀ ਚਾਦਰ’ ਨਾਮਕ ਵਿਸ਼ਾਲ ਰੋਸ਼ਨੀ-ਆਵਾਜ਼ (ਲਾਈਟ ਐਂਡ ਸਾਊਂਡ) ਸ਼ੋਅ ਦਾ ਆਯੋਜਨ ਕੀਤਾ ਗਿਆ। ਸ਼ੋਅ ਨੇ ਸੰਗਤ ਨੂੰ ਰੂਹਾਨੀ ਚਾਨਣ ਨਾਲ ਭਰਦਿਆਂ ਇੱਕ ਅਲੌਕਿਕ ਅਤੇ ਭਾਵੁਕ ਅਨੁਭਵ ਕਰਵਾਇਆ। ਬੱਚਿਆਂ, ਜਵਾਨਾਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਇਸ ਆਧੁਨਿਕ ਦ੍ਰਿਸ਼-ਪੇਸ਼ਕਾਰੀ ਦਾ ਲੁਤਫ਼ ਲਿਆ ਅਤੇ ‘ਧੰਨ ਗੁਰੂ ਤੇਗ ਬਹਾਦਰ ਜੀ’ ਦੇ ਜੈਕਾਰਿਆਂ ਨਾਲ ਸਮਾ ਗੂੰਜਾ ਦਿੱਤਾ । ਸ਼ੋਅ ਵਿੱਚ ਦਰਸਾਇਆ ਗਿਆ ਕਿ ਧਰਮ,ਮਨੁੱਖੀ ਅਧਿਕਾਰਾਂ ਅਤੇ ਸੱਚ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਪਿਆਰੇ ਸਿੱਖਾਂ-ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਸਮੇਤ ਜੋ ਅਦੁੱਤੀ ਸ਼ਹਾਦਤ ਦਿੱਤੀ, ਉਹ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਸ਼ੋਅ ‘ਚ “ਤਿਲਕ ਜੰਝੂ ਰਾਖਾ ਪ੍ਰਭ ਤਾ ਕਾ, ਕੀਨੋ ਬਡੋ ਕਲੂ ਮਹਿ ਸਾਕਾ” ਦੀ ਮਹਾਨ ਪਰੰਪਰਾ ਨੂੰ ਡਿਜੀਟਲ ਤਕਨਾਲੋਜੀ ਰਾਹੀਂ ਬਹੁਤ ਹੀ ਸੁੰਦਰਤਾ ਨਾਲ ਪੇਸ਼ ਕੀਤਾ ਗਿਆ। ਢਾਡੀ ਜਥੇ ਹਰਮਿੰਦਰ ਸਿੰਘ ਵੱਲੋਂ ਵਾਰਾਂ ਦੇ ਗਾਇਨ ਨੇ ਇਸ ਪਵਿੱਤਰ ਰੂਹਾਨੀ ਮਾਹੌਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ । ਸਮਾਗਮ ਵਿੱਚ ਹਾਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਦੀਵੀ ਵਿਰਾਸਤ ਨੂੰ ਚਰਮ ਸਤਿਕਾਰ ਨਾਲ ਯਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਬਲੀਦਾਨ ‘ਤੇ ਚਾਨਣਾ ਪਾਉਣ ਲਈ ਖਾਸ ਤੌਰ ‘ਤੇ ਤਿਆਰ ਕੀਤਾ ਗਿਆ ਹੈ, ਤਾਂ ਜੋ ਨੌਜਵਾਨ ਪੀੜ੍ਹੀ ਇਸ ਨਾਲ ਗਹਿਰਾਈ ਨਾਲ ਜੁੜ ਸਕੇ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਸੇ ਇਕ ਧਰਮ ਲਈ ਨਹੀਂ,ਬਲਕਿ ਸਮੂਹ ਮਨੁੱਖਤਾ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਸੀ। ਉਨ੍ਹਾਂ ਕਿਹਾ, “ਏਹ ਸਿਰਫ਼ ਇੱਕ ਸ਼ਰਧਾਂਜਲੀ ਨਹੀਂ,ਸਗੋਂ ਅਧਿਆਤਮਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਪਵਿੱਤਰ ਸਮਰਪਣ ਦੀ ਚਮਕ ਹਰ ਪ੍ਰਬੰਧ ਵਿੱਚੋਂ ਝਲਕਾਈਏ।” ਉਨ੍ਹਾਂ ਸੰਗਤ ਨੂੰ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23, 24 ਅਤੇ 25 ਨਵੰਬਰ ਨੂੰ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮਾਂ ਵਿੱਚ ਸਮੂਲੀਅਤ ਕਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿਸਵ ਪੱਧਰੀ ਹੋਣਗੇ। ਉਨ੍ਹਾਂ ਹੋਰ ਦੱਸਿਆ ਕਿ 22 ਨਵੰਬਰ ਨੂੰ ਸ੍ਰੀਨਗਰ, ਗੁਰਦਾਸਪੁਰ, ਫਰੀਦਕੋਟ ਤੇ ਤਲਵੰਡੀ ਸਾਬੋਂ ਤੋਂ ਚਾਰ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ। ਸੰਗਤ ਨੇ ਪ੍ਰਤੀਕਿਰਿਆ ਕਰਦਿਆ ਕਿਹਾ ਕਿ ‘ਹਿੰਦ ਦੀ ਚਾਦਰ’ ਸ਼ੋਅ ਨੇ ਗੁਰੂ ਸਾਹਿਬ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਵਿਸ਼ਵਭਾਈਚਾਰੇ ਦੇ ਸੰਦੇਸ਼ ਨੂੰ ਮਨਾਂ ‘ਤੇ ਅੰਕਿਤ ਕਰ ਦਿੱਤਾ। ਇਸ ਮੌਕੇ ਮਾਲ,ਪੁਨਰਵਾਸ ਤੇ ਆਫ਼ਤ ਪ੍ਰਬੰਧਨ,ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਸ੍ਰੀ ਹਰਦੀਪ ਸਿੰਘ ਮੁੰਡੀਆਂ,ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ, ਵਿਧਾਇਕ ਅਮਰਗੜ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ, ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ, ਐਸ.ਐਸ.ਪੀ. ਗਗਨ ਅਜੀਤ ਸਿੰਘ, ਚੇਅਰਮੈਨ ਯੋਜਨਾ ਬੋਰਡ ਸਾਕਿਬ ਅਲੀ ਰਾਜਾ, ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫਰ ਅਲੀ,ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ,ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਿੰਪੀ ਗਰਗ,ਸਹਾਇਕ ਕਮਿਸ਼ਨਰ ਰਾਕੇਸ ਗਰਗ,ਐਸ.ਡੀ.ਐਮ.ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ, ਤੋਂ ਇਲਾਵਾ ਅਧਿਕਾਰੀਆਂ, ਕੌਂਸਲਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ।
