post

Jasbeer Singh

(Chief Editor)

National

ਇਲਾਹਾਬਾਦ ਹਾਈ ਕੋਰਟ ਦੇ ਜੱਜ ਖਿ਼ਲਾਫ਼ ਮਹਾਦੋਸ਼ ਲਈ ਰਾਜ ਸਭਾ ’ਚ ਨੋਟਿਸ ਤੇ ਵਿਰੋਧੀ ਧਿਰਾਂ ਦੇ 55 ਮੈਂਬਰਾਂ ਨੇ ਕੀਤੇ ਨੇ

post-img

ਇਲਾਹਾਬਾਦ ਹਾਈ ਕੋਰਟ ਦੇ ਜੱਜ ਖਿ਼ਲਾਫ਼ ਮਹਾਦੋਸ਼ ਲਈ ਰਾਜ ਸਭਾ ’ਚ ਨੋਟਿਸ ਤੇ ਵਿਰੋਧੀ ਧਿਰਾਂ ਦੇ 55 ਮੈਂਬਰਾਂ ਨੇ ਕੀਤੇ ਨੇ ਦਸਤਖ਼ਤ ਨਵੀਂ ਦਿੱਲੀ : ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੇ ਸਮਾਗਮ ਦੌਰਾਨ ਵਿਵਾਦਿਤ ਟਿੱਪਣੀਆਂ ਕਰਨ ਦੇ ਮਾਮਲੇ ’ਚ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸ਼ੇਖ਼ਰ ਕੁਮਾਰ ਯਾਦਵ ਖਿ਼ਲਾਫ਼ ਮਹਾਦੋਸ਼ ਚਲਾਉਣ ਲਈ ਵਿਰੋਧੀ ਧਿਰਾਂ ਦੇ ਕਈ ਮੈਂਬਰਾਂ ਨੇ ਅੱਜ ਰਾਜ ਸਭਾ ’ਚ ਨੋਟਿਸ ਦਿੱਤਾ। ਸੂਤਰਾਂ ਮੁਤਾਬਕ ਮਹਾਦੋਸ਼ ਦਾ ਮਤਾ ਪੇਸ਼ ਕਰਨ ਲਈ ਦਿੱਤੇ ਨੋਟਿਸ ’ਤੇ ਕਪਿਲ ਸਿੱਬਲ, ਵਿਵੇਕ ਤਨਖਾ, ਦਿਗਵਿਜੈ ਸਿੰਘ, ਜੌਹਨ ਬ੍ਰਿਟਾਸ, ਮਨੋਜ ਕੁਮਾਰ ਝਾਅ ਅਤੇ ਸਾਕੇਤ ਗੋਖਲੇ ਸਮੇਤ 55 ਸੰਸਦ ਮੈਂਬਰਾਂ ਦੇ ਦਸਤਖ਼ਤ ਹਨ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਰਾਜ ਸਭਾ ਦੇ ਸਕੱਤਰ ਜਨਰਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮਹਾਦੋਸ਼ ਦਾ ਨੋਟਿਸ ਸੌਂਪਿਆ। ਨੋਟਿਸ ’ਤੇ ਦਸਤਖ਼ਤ ਕਰਨ ਵਾਲੇ ਕੁਝ ਹੋਰ ਆਗੂਆਂ ’ਚ ਪੀ. ਚਿਦੰਬਰਮ, ਰਣਦੀਪ ਸੁਰਜੇਵਾਲਾ, ਪ੍ਰਮੋਦ ਤਿਵਾੜੀ, ਜੈਰਾਮ ਰਮੇਸ਼, ਮੁਕੁਲ ਵਾਸਨਿਕ, ਨਸੀਰ ਹੁਸੈਨ, ਰਾਘਵ ਚੱਢਾ, ਫੌਜ਼ੀਆ ਖ਼ਾਨ, ਸੰਜੇ ਸਿੰਘ, ਏਏ ਰਹੀਮ, ਵੀ. ਸਿਵਦਾਸਨ ਅਤੇ ਰੇਣੂਕਾ ਚੌਧਰੀ ਸ਼ਾਮਲ ਹਨ। ਮਤੇ ਲਈ ਨੋਟਿਸ ਜੱਜ (ਜਾਂਚ) ਐਕਟ, 1968 ਅਤੇ ਸੰਵਿਧਾਨ ਦੀ ਧਾਰਾ 218 ਤਹਿਤ ਪੇਸ਼ ਕੀਤਾ ਗਿਆ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਜਸਟਿਸ ਯਾਦਵ ਨੇ ਵੀਐੱਚਪੀ ਦੇ ਸਮਾਗਮ ਦੌਰਾਨ ‘ਭਾਰਤ ਦੇ ਸੰਵਿਧਾਨ ਦੀ ਉਲੰਘਣਾ ਕਰਦਿਆਂ ਨਫ਼ਰਤੀ ਭਾਸ਼ਨ ਦਿੱਤਾ ਅਤੇ ਫਿਰਕੂ ਸਦਭਾਵਨਾ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ।’ ਨੋਟਿਸ ਮੁਤਾਬਕ ਜਸਟਿਸ ਯਾਦਵ ਨੇ ਸਾਂਝੇ ਸਿਵਲ ਕੋਡ ਨਾਲ ਸਬੰਧਤ ਸਿਆਸੀ ਮਾਮਲਿਆਂ ’ਤੇ ਵੀ ਜਨਤਕ ਤੌਰ ’ਤੇ ਆਪਣੇ ਵਿਚਾਰ ਪ੍ਰਗਟਾਏ ਜੋ ਨਿਆਂਇਕ ਜੀਵਨ ’ਚ ਕਦਰਾਂ ਕੀਮਤਾਂ ਦੀ ਪੁਨਰ ਵਿਆਖਿਆ, 1997 ਦੀ ਉਲੰਘਣਾ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਜੱਜ ਦੀ ਜਨਤਕ ਟਿੱਪਣੀ ਭੜਕਾਊ ਸੀ ਅਤੇ ਸਿੱਧੇ ਤੌਰ ’ਤੇ ਘੱਟ ਗਿਣਤੀ ਫਿਰਕੇ ਨੂੰ ਨਿਸ਼ਾਨਾ ਬਣਾਉਂਦੀ ਹੈ ।

Related Post