ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸਮੇਤ 38 ਹੋਰਨਾਂ ਖਿਲਾਫ ਦੋਸ਼-ਪੱਤਰ ਦਾਇਰ
- by Jasbeer Singh
- November 21, 2025
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸਮੇਤ 38 ਹੋਰਨਾਂ ਖਿਲਾਫ ਦੋਸ਼-ਪੱਤਰ ਦਾਇਰ ਨਵੀਂ ਦਿੱਲੀ, 21 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ 500 ਕਰੋੜ ਰੁਪਏ ਦੀ ਸਹਿਕਾਰੀ ਬੈਂਕ ਧੋਖਾਦੇਹੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਕੁਲਦੀਪ ਰਾਏ ਸ਼ਰਮਾ ਸਮੇਤ 39 ਲੋਕਾਂ ਅਤੇ ਸੰਸਥਾਵਾਂ ਖਿਲਾਫ ਦੋਸ਼-ਪੱਤਰ ਦਾਇਰ ਕੀਤਾ ਹੈ। ਏਜੰਸੀ ਨੇ ਇਕ ਬਿਆਨ `ਚ ਕਿਹਾ ਕਿ 14 ਨਵੰਬਰ ਨੂੰ ਪੋਰਟ ਬਲੇਅਰ `ਚ ਸਥਿਤ ਇਕ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਅਦਾਲਤ ਦੇ ਸਾਹਮਣੇ ਦੋਸ਼-ਪੱਤਰ ਦਾਇਰ ਕੀਤਾ ਗਿਆ। ਮੁਲਜਮਾਂ ਵਿਚ ਕੌਣ ਕੌਣ ਹੈ ਸ਼ਾਮਲ ਮੁਲਜ਼ਮਾਂ `ਚ ਅੰਡੇਮਾਨ-ਨਿਕੋਬਾਰ ਰਾਜ ਸਹਿਕਾਰੀ ਬੈਂਕ (ਏ. ਐੱਨ. ਐੱਸ. ਸੀ. ਬੀ. ਐੱਲ.) ਦੇ ਸਾਬਕਾ ਚੇਅਰਮੈਨ ਸ਼ਰਮਾ, ਬੈਂਕ ਦੇ ਪ੍ਰਬੰਧ ਨਿਰਦੇਸ਼ਕ ਕੇ. ਮੁਰੁਗਨ, ਕਰਜ਼ਾ ਅਧਿਕਾਰੀ ਕੇ. ਕਲੈਵਾਨਨ ਅਤੇ ਕੁਝ ਕੰਪਨੀਆਂ, ਸੰਜੇ ਲਾਲ ਅਤੇ ਸੰਜੀਵ ਲਾਲ ਨਾਮੀ ਮੁਲਜ਼ਮ ਸ਼ਾਮਲ ਹਨ। ਈ. ਡੀ. ਨੇ ਦੋਸ਼ ਲਾਇਆ, ਇਨ੍ਹਾਂ ਲੋਕਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਫਰਜ਼ੀ ਕੰਪਨੀਆਂ ਬਣਾਈਆਂ ਅਤੇ ਨਿਯਮਾਂ ਤੇ ਨਿਰਧਾਰਤ ਪ੍ਰਕਿਰਿਆਵਾਂ ਦੀ ਘੋਰ ਉਲੰਘਣਾ ਕਰਦੇ ਹੋਏ ਕੰਪਨੀਆਂ ਅਤੇ ਆਪਣੀਆਂ ਸੰਸਥਾਵਾਂ ਨੂੰ ਵੱਡੇ ਕਰਜ਼ੇ ਦੇਣ ਨੂੰ ਮਨਜ਼ੂਰੀ ਦਿੱਤੀ।
