100 ਉੱਠਕ-ਬੈਠਕਾਂ ਦੀ ਸਜ਼ਾ ਨਾਲ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਧਿਆਪਿਕਾ ਗ੍ਰਿਫ਼ਤਾਰ
- by Jasbeer Singh
- November 21, 2025
100 ਉੱਠਕ-ਬੈਠਕਾਂ ਦੀ ਸਜ਼ਾ ਨਾਲ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਧਿਆਪਿਕਾ ਗ੍ਰਿਫ਼ਤਾਰ ਪਾਲਘਰ, 21 ਨਵੰਬਰ 2025 : ਮਹਾਰਾਸ਼ਟਰ ਦੇ ਪਾਲਘਰ ਜਿ਼ਲੇ ਵਿਚ ਦੇਰ ਨਾਲ ਸਕੂਲ ਆਉਣ `ਤੇ ਕਥਿਤ ਤੌਰ `ਤੇ 100 ਉੱਠਕ-ਬੈਠਕਾਂ ਲਗਾਉਣ ਲਈ ਮਜਬੂਰ ਕੀਤੇ ਜਾਣ ਕਾਰਨ 6ਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਮੌਤ ਦੇ ਮਾਮਲੇ `ਚ ਇਕ ਅਧਿਆਪਿਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ । ਵਾਲਿਵ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਕੀ ਦੱਸਿਆ ਵਾਲਿਵ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਵਸਈ ਖੇਤਰ ਦੇ ਸਾਤਿਵਲੀ ਸਥਿਤ ਨਿੱਜੀ ਸਕੂਲ ਤੋਂ ਅਧਿਆਪਿਕਾ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਭਾਰਤੀ ਦੰਡਾਵਲੀ ਤਹਿਤ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ । ਵਿਦਿਆਰਥਣ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਅਧਿਆਪਿਕਾ ਵੱਲੋਂ ਦਿੱਤੀ ਗਈ ਇਕ `ਅਣਮਨੁੱਖੀ ਸਜ਼ਾ` ਕਾਰਨ ਹੋਈ ਹੈ, ਅਧਿਆਪਿਕਾ ਨੇ ਉਸ ਨੂੰ ਪਿੱਠ `ਤੇ ਸਕੂਲ ਬੈਗ ਰੱਖ ਕੇ ਉੱਠਕ-ਬੈਠਕਾਂ ਕਰਨ ਨੂੰ ਮਜਬੂਰ ਕੀਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ (13) ਨੂੰ ਸਿਹਤ ਸਬੰਧੀ ਸਮੱਸਿਆਵਾਂ ਸਨ ਅਤੇ ਉਹ ਸਜ਼ਾ ਬਰਦਾਸ਼ਤ ਨਹੀਂ ਕਰ ਸਕਦੀ ਸੀ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਮੁੰਬਈ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ 7 ਦਿਨਾਂ ਬਾਅਦ ਉਸਦੀ ਮੌਤ ਹੋ ਗਈ ।
