ਜਸਟਿਸ ਸਵਾਮੀਨਾਥਨ ਦੇ ਹੱਕ `ਚ ਆਏ 56 ਸਾਬਕਾ ਜੱਜ ਨਵੀਂ ਦਿੱਲੀ, 14 ਦਸੰਬਰ 2025 : ਡੀ. ਐੱਮ. ਕੇ. ਵੱਲੋਂ ਮਦਰਾਸ ਹਾਈ ਕੋਰਟ ਦੇ ਇਕ ਜੱਜ ਜੀ. ਆਰ. ਸਵਾਮੀਨਾਥਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਕੋਸਿ਼ਸ਼ ਦੀ ਨਿੰਦਾ ਕਰਦੇ ਹੋਏ 56 ਸਾਬਕਾ ਜੱਜਾਂ ਨੇ ਇਕ ਬਿਆਨ ਜਾਰੀ ਕਰ ਕੇ ਇਸ ਨੂੰ `ਜੱਜਾਂ ਨੂੰ ਡਰਾਉਣ ਦੀ ਮਾੜੀ ਕੋਸਿ਼ਸ਼ ਕਰਾਰ ਦਿੱਤਾ। ਜਸਟਿਸ ਸਵਾਮੀਨਾਥਨ ਨੇ 1 ਦਸੰਬਰ ਨੂੰ ਫੈਸਲਾ ਸੁਣਾਇਆ ਸੀ ਕਿ ਅਰੂਲਮਿਘੂ ਸੁਬਰਾਮਣੀਆ ਸਵਾਮੀ ਮੰਦਰ ਉੱਚੀ ਪਿੱਲਯਾਰ ਮੰਡਪਮ ਨੇੜੇ ਰਵਾਇਤੀ ਦੀਵੇ ਜਗਾਉਣ ਤੋਂ ਇਲਾਵਾ ਦੀਪਾਥੂਨ ਵਿਖੇ ਵੀ ਦੀਵੇ ਜਗਾਏ ਜੀ ਸਕਦੇ ਹਨ। ਕੀ ਸੀ ਸਮੁੱਚਾ ਮਾਮਲਾ ਸਿੰਗਲ-ਜੱਜ ਬੈਂਚ ਨੇ ਕਿਹਾ ਸੀ ਕਿ ਅਜਿਹਾ ਕਰਨ ਨਾਲ ਨੇੜਲੀ ਦਰਗਾਹ ਜਾਂ ਮੁਸਲਿਮ ਭਾਈਚਾਰੇ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇਗੀ। ਇਸ ਹੁਕਮ ਨੇ ਵਿਵਾਦ ਖੜ੍ਹਾ ਕਰ ਦਿੱਤਾ ਤੇ 9 ਦਸੰਬਰ ਨੂੰ ਡੀ. ਐੱਮ. ਕੇ. ਦੀ ਅਗਵਾਈ ਹੇਠ ਕਈ ਵਿਰੋਧੀ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਜੱਜ ਨੂੰ ਹਟਾਉਣ ਲਈ ਮਹਾਦੇਸ਼ ਦਾ ਇਕ ਪ੍ਰਸਤਾਵ ਪੇਸ਼ ਕਰਨ ਦਾ ਨੋਟਿਸ ਸੌਂਪਿਆ। ਮਹਾਦੋਸ਼ ਨੂੰ ਦੱਸਿਆ ਗਿਆ ਡਰਾਉਣ ਦੀ ਕੋਸਿ਼ਸ਼ ਬਿਆਨ `ਚ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਜੱਜਾਂ ਨੂੰ ਡਰਾਉਣ ਦੀ ਮਾੜੀ ਕੋਸਿ਼ਸ਼ ਹੈ ਜੋ ਸਮਾਜ ਦੇ ਇਕ ਖਾਸ ਵਰਗ ਦੀਆਂ ਵਿਚਾਰਧਾਰਕ ਤੇ ਸਿਆਸੀ ਉਮੀਦਾਂ `ਤੇ ਖਰੇ ਨਹੀਂ ਉਤਰਦੇ। ਜੇ ਅਜਿਹੀਆਂ ਕੋਸਿ਼ਸ਼ਾਂ ਜਾਰੀ ਰਹਿਣ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸਾਡੇ ਲੋਕਰਾਜ ਦੀਆਂ ਜੜ੍ਹਾਂ ਤੇ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਤਬਾਹ ਕਰ ਦੇਣਗੀਆਂ। ਇਸ `ਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਹਸਤਾਖਰ ਕਰਨ ਵਾਲੇ ਸੰਸਦ ਮੈਂਬਰਾਂ ਵੱਲੋਂ ਦਿੱਤੇ ਗਏ ਕਾਰਨਾਂ ਨੂੰ ਸ਼ਾਬਦਿਕ ਰੂਪ `ਚ ਲਿਆ ਜਾਵੇ ਪਰ ਉਹ ਅਹੁਦੇ ਤੋਂ ਹਟਾਉਣ ਦੇ ਦੁਰਲੱਭ, ਬੇਮਿਸਾਲ ਤੇ ਗੰਭੀਰ ਸੰਵਿਧਾਨਕ ਉਪਾਅ ਦਾ ਸਹਾਰਾ ਲੈਣ ਲਈ ਨਾਕਾਫ਼ੀ ਹਨ।
