ਦਿੱਲੀ ਤੁਰਕਮਾਨ ਗੇਟ ਹਿੰਸਾ ਮਾਮਲੇ 'ਚ 6 ਹੋਰ ਗ੍ਰਿਫ਼ਤਾਰ ਨਵੀਂ ਦਿੱਲੀ, 9 ਜਨਵਰੀ 2026 : ਦਿੱਲੀ ਦੇ ਤੁਰਕਮਾਨ ਗੇਟ ਇਲਾਕੇ ਵਿਚ ਅਦਾਲਤ ਦੇ ਹੁਕਮਾਂ 'ਤੇ ਚਲਾਈ ਗਈ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਹੋਈ ਹਿੰਸਾ ਅਤੇ ਪੱਥਰਬਾਜ਼ੀ ਸਬੰਧੀ 6 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਇਸ ਮਾਮਲੇ ਵਿਚ ਹੁਣ ਤੱਕ ਕੁਲ 11 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਚੁੱਕੀ ਹੈ, ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ। ਵਟਸਐਪ ਗਰੁੱਪ 'ਚ ਮਸਜਿਦ ਤੋੜੇ ਜਾਣ ਦੇ ਸੰਦੇਸ਼ ਫੈਲਾਏ ਗਏ, ਉਸੇ ਨਾਲ ਭੜਕੀ ਹਿੰਸਾ ਰਾਮਲੀਲਾ ਮੈਦਾਨ ਇਲਾਕੇ ਵਿਚ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਫੈਜ਼-ਏ-ਇਲਾਹੀ ਮਸਜਿਦ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਉਸ ਵੇਲੇ ਹਿੰਸਾ ਭੜਕ ਗਈ, ਜਦੋਂ ਕਈ ਲੋਕਾਂ ਨੇ ਪੁਲਸ ਮੁਲਾਜ਼ਮਾਂ 'ਤੇ ਪੱਥਰ ਸੁੱਟੇ, ਜਿਸ ਨਾਲ ਇਲਾਕੇ ਦੇ ਥਾਣਾ ਮੁਖੀ ਸਮੇਤ 5 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਕਈ ਫੈਜ਼-ਏ-ਇਲਾਹੀ ਮਸਜਿਦ ਨੂੰ ਕਥਿਤ ਤੌਰ 'ਤੇ ਢਾਹੇ ਜਾਣ ਦੀਆਂ ਅਫ਼ਵਾਹਾਂ ਦਾ ਖੰਡਨ ਕਰਨ ਲਈ ਅਧਿਕਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਪਰ ਵਟਸਐਪ ਗਰੁੱਪਾਂ 'ਤੇ ਪ੍ਰਸਾਰਿਤ ਕੀਤੇ ਗਏ ਗੁਮਰਾਹਕੁੰਨ ਸੰਦੇਸ਼ਾਂ ਨੇ ਹਿੰਸਾ ਭੜਕਾਉਣ ਵਿਚ ਅਹਿਮ ਭੂਮਿਕਾ ਨਿਭਾਈ। ਕੀ ਆਖਣਾ ਹੈ ਪੁਲਸ ਦਾ ਪੁਲਸ ਦਾ ਕਹਿਣਾ ਹੈ ਕਿ ਅਦਾਲਤ ਦੇ ਹੁਕਮਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਵੱਖ-ਵੱਖ ਭਾਈਚਾਰਕ, ਧਾਰਮਿਕ ਅਤੇ ਇਲਾਕਾਈ ਵਟਸਐਪ ਗਰੁੱਪਾਂ 'ਚ ਮੁੱਖ ਤੌਰ 'ਤੇ ਆਡੀਓ ਸੰਦੇਸ਼ਾਂ ਰਾਹੀਂ ਇਹ ਅਫ਼ਵਾਹ ਫੈਲਾਈ ਗਈ ਕਿ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਮਸਜਿਦ ਨੂੰ ਢਾਹ ਰਿਹਾ ਹੈ ।
