69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਆਯੋਜਿਤ ਸ਼ਤਰੰਜ ਅੰਡਰ -17 ਦਾ ਹਰਪਾਲ ਸਿੰਘ ਚੀਮਾ ਵੱਲੋਂ ਉਦਘਾਟਨ ਕੈਬਨਿਟ ਮੰਤਰੀ ਨੇ ਖਿਡਾਰੀਆਂ ਨੂੰ ਸਮਰਪਣ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਮੁਕਾਬਲਾ ਕਰਨ ਲਈ ਕੀਤਾ ਪ੍ਰੇਰਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੀਤਾ ਜਾ ਰਿਹਾ ਹੈ ਕੰਮ ਦਿੜ੍ਹਬਾ/ਸੰਗਰੂਰ, 6 ਅਕਤੂਬਰ 2025 : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸ਼ਤਰੰਜ ਅੰਡਰ -17 ਲੜਕੇ/ਲੜਕੀਆਂ 2025-26, ਜੋ ਕਿ ਸਟੀਫਨ ਇੰਟਰਨੈਸ਼ਨਲ ਪਬਲਿਕ ਸਕੂਲ, ਮਹਿਲਾਂ ਚੌਕ, ਸੰਗਰੂਰ ਵਿਖੇ ਕਰਵਾਈਆਂ ਜਾ ਰਹੀਆਂ ਹਨ ਤਹਿਤ ਅੰਡਰ -17 ਲੜਕਿਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਕੈਬਨਿਟ ਮੰਤਰੀ, ਪੰਜਾਬ, ਸ. ਹਰਪਾਲ ਸਿੰਘ ਚੀਮਾ ਵੱਲੋਂ ਕਰਵਾਈ ਗਈ । ਇਸ ਮੌਕੇ ਕੈਬਨਿਟ ਮੰਤਰੀ ਚੀਮਾ ਨੇ ਭਾਗੀਦਾਰਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ, ਉਨ੍ਹਾਂ ਨੂੰ ਸਮਰਪਣ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ । ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਖੇਡਾਂ ਦੇ ਮਿਆਰ ਨੂੰ ਉੱਪਰ ਚੁੱਕਣ ਦੇ ਲਈ ਖੇਡ ਨਰਸਰੀਆਂ ਪਿੰਡਾਂ ਵਿੱਚ ਬਣਾਈਆਂ ਗਈਆਂ ਹਨ । ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਯੂਥ ਨੂੰ ਗਰਾਊਂਡਾਂ ਨਾਲ ਜੋੜ ਕੇ ਪੰਜਾਬ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ । ਉਹਨਾਂ ਕਿਹਾ ਕਿ ਹੁਣ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਦੇ ਪਿੰਡਾਂ ਵਿਚੋਂ ਨਿਕਲ ਕੇ ਨੌਜਵਾਨ ਮੁੰਡੇ-ਕੁੜੀਆਂ ਅੰਤਰਰਾਸ਼ਟਰੀ ਪੱਧਰ ਉੱਤੇ ਦੇਸ਼ ਦੀ ਅਗਵਾਈ ਕਰਨਗੇ ਅਤੇ ਨਾਮਣਾ ਖੱਟਣਗੇ । ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਜਿੱਥੇ "ਖੇਡਾਂ ਵਤਨ ਪੰਜਾਬ ਦੀਆਂ" ਸ਼ੁਰੂ ਕਰਵਾਈਆਂ ਗਈਆਂ ਹਨ। ਉਥੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਨਾਮ ਚਮਕਾਉਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਭਵਿੱਖ ਬਹੁਤ ਹੀ ਸੁਨਹਿਰਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਲੈਣ । ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਅਤੇ ਨਸ਼ਾ ਮੁਕਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਵਿੱਚ ਹਿੱਸਾ ਲੈਣ ਨਾਲ ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਨੌਜਵਾਨਾਂ ਹਰ ਖੇਤਰ ਵਿੱਚ ਵੱਡੇ ਪੱਧਰ ਉੱਤੇ ਮੱਲਾਂ ਮਾਰਨ ਦੇ ਸਮਰੱਥ ਹੋ ਜਾਂਦੇ ਹਨ । ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਵੱਡੇ ਪੱਧਰ ਉੱਤੇ ਖੇਡ ਮੈਦਾਨ ਅਤੇ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ । ਇਸ ਮੌਕੇ ਵਿਦਿਆਰਥੀਆਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ ਅਤੇ ਸ਼ਬਦ ਗਾਇਅਨ ਵੀ ਕੀਤਾ। ਇਸ ਟੂਰਨਾਮੈਂਟ ਦੇ ਕਨਵੀਨਰ ਮਨਦੀਪ ਸਿੰਘ, ਡੀ. ਪੀ. ਈ. ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿੱਚ 23 ਜ਼ਿਲ੍ਹਿਆਂ ਦੇ 115 ਖਿਡਾਰੀਆਂ ਨੇ ਭਾਗ ਲਿਆ । ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਰੇਸ਼ ਸੈਣੀ ਨੇ ਸਮੂਹ ਆਏ ਹੋਏ ਮਹਿਮਾਨਾਂ ਤਪਇੰਦਰ ਸਿੰਘ ਸੋਹੀ ਓ. ਐੱਸ. ਡੀ. (ਵਿੱਤ ਮੰਤਰੀ ਪੰਜਾਬ), ਸਟੀਫਨ ਇੰਟਰਨੈਸਨਲ ਸਕੂਲ ਦੇ ਚੇਅਰਮੈਨ ਦੀਪਕ ਗੁਪਤਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਸ਼ਰਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ । ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਸ਼੍ਰੀਮਤੀ ਮਨਜੋਤ ਕੌਰ ਅਤੇ ਮੈਂਬਰ ਸਹਿਬਾਨ ਵੀ ਪ੍ਰਬੰਧਾਂ ਸਬੰਧੀ ਵੱਖ-ਵੱਖ ਡਿਊਟੀਆਂ ਨਿਭਾਅ ਰਹੇ ਹਨ । ਇਹਨਾਂ ਤੋਂ ਇਲਾਵਾ ਹੈੱਡਮਾਸਟਰ ਸੁਖਦੀਪ ਸਿੰਘ , ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਪਰਵੀਨ ਜਿੰਦਲ , ਹੈੱਡਮਿਸਟਰੈੱਸ ਰਿੰਕਲ ਸਿੰਗਲ਼ਾ, ਲੈਕਚਰਾਰ ਪਰਮਿੰਦਰ ਕੁਮਾਰ ( ਸਟੇਟ ਐਵਾਰਡੀ) ਵੱਲੋਂ ਇਹਨਾਂ ਖੇਡਾਂ ਦੀ ਸਫਲਤਾ ਲਈ ਕਾਰਜ ਕੀਤੇ ਜਾ ਰਹੇ ਹਨ । ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀਮਤੀ ਸਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਨਿਭਾਈ । ਇਸ ਮੌਕੇ ਬਤੌਰ ਅਬਜ਼ਰਬਰ ਮਲਕੀਤ ਸਿੰਘ ਬਰਨਾਲਾ ਵਿਸ਼ੇਸ਼ ਤੌਰ ਉੱਤੇ ਪੁੱਜੇ । ਇਸ ਦੌਰਾਨ ਰਾਕੇਸ਼ ਗੁਪਤਾ, ਰਾਜਪ੍ਰੀਤ ਗੋਇਲ, ਹਰਿੰਦਰ ਸ਼ਰਮਾ, ਸੁਖਚੈਨ ਸਿੰਘ, ਦੀਪਕ ਕੁਮਾਰ, ਮੁਨੀਸ਼ ਦੂਆ ਸਮੇਤ ਵੱਡੀ ਗਿਣਤੀ ਖਿਡਾਰੀ ਹਾਜ਼ਰ ਹਨ ।
