

8 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ ਗੁਰਸੇਵਕ ਦੇ ਬਿਆਨ 'ਤੇ ਪਿਤਾ-ਪੁੱਤਰ ਸਮੇਤ ਚਾਰ ਵਿਅਕਤੀ 12 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੁੱਲ ਬਰਾਮਦਗੀ 20 ਕਿਲੋਗ੍ਰਾਮ ਤੱਕ ਪਹੁੰਚੀ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਪੇਂਡੂ ਇਲਾਕਿਆਂ ਵਿੱਚ ਸਰਹੱਦ ਪਾਰੋਂ ਚੱਲ ਰਹੇ ਅੰਤਰ-ਬਾਰਡਰ ਕਾਰਟੈਲ ਦੇ ਇੱਕ ਹੋਰ ਮਜ਼ਬੂਤ ਗੱਠਜੋੜ ਦਾ ਹੋਇਆ ਪਰਦਾਫਾਸ਼: ਡੀਜੀਪੀ ਗੌਰਵ ਯਾਦਵ ਪਾਕਿਸਤਾਨ-ਅਧਾਰਤ ਸਮੱਗਲਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭੇਜਣ ਲਈ ਡਰੋਨ ਦੀ ਕਰ ਰਹੇ ਸਨ ਵਰਤੋਂ : ਸੀ. ਪੀ. ਗੁਰਪ੍ਰੀਤ ਭੁੱਲਰ ਚੰਡੀਗੜ੍ਹ/ਅੰਮ੍ਰਿਤਸਰ, 10 ਸਤੰਬਰ 2025 : 8.1 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ 'ਤੇ ਤੁਰੰਤ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਚਾਰ ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋਗ੍ਰਾਮ ਹੈਰੋਇਨ, .30 ਬੋਰ ਪਿਸਤੌਲ ਸਮੇਤ ਇੱਕ ਮੈਗਜ਼ੀਨ ਬਰਾਮਦ ਕੀਤੀ ਹੈ, ਜਿਸ ਨਾਲ ਇਸ ਮਾਮਲੇ ਵਿੱਚ ਜ਼ਬਤ ਕੀਤੀ ਗਈ ਹੈਰੋਇਨ 20.1 ਕਿਲੋਗ੍ਰਾਮ ਤੱਕ ਪਹੁੰਚ ਗਈ ਹੈ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਭੇਜ ਸਿੰਘ (50) ਅਤੇ ਉਸਦਾ ਪੁੱਤਰ ਗੁਰਦਿੱਤ ਸਿੰਘ (22) ਦੋਵੇਂ ਵਾਸੀ ਪਿੰਡ ਨਾਰਲਾ, ਤਰਨਤਾਰਨ, ਮਲਕੀਤ ਸਿੰਘ (50) ਵਾਸੀ ਪਿੰਡ ਡੱਲ, ਤਰਨਤਾਰਨ ਅਤੇ ਗੁਰਜੀਤ ਸਿੰਘ (29) ਵਾਸੀ ਪਿੰਡ ਕੋਟਲੀ ਸਾਕਾ, ਅਜਨਾਲਾ, ਅੰਮ੍ਰਿਤਸਰ ਵਜੋਂ ਹੋਈ ਹੈ । ਇਹ ਸਫਲਤਾ ਪੰਜਾਬ ਪੁਲਿਸ ਵੱਲੋਂ ਬਦਨਾਮ ਨਸ਼ਾ ਤਸਕਰ ਸੋਨੀ ਸਿੰਘ ਉਰਫ਼ ਸੋਨੀ ਨੂੰ ਉਸ ਦੇ ਚਾਰ ਸਾਥੀਆਂ - ਗੁਰਸੇਵਕ ਸਿੰਘ, ਵਿਸ਼ਾਲਦੀਪ ਸਿੰਘ ਉਰਫ਼ ਗੋਲਾ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਸਮੇਤ ਗ੍ਰਿਫ਼ਤਾਰ ਕਰਕੇ ਹੈਰੋਇਨ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕਰਨ ਉਪਰੰਤ ਹਾਸਲ ਹੋਈ ਹੈ । ਪੁਲਸ ਟੀਮਾਂ ਨੇ ਉਨ੍ਹਾਂ ਕੋਲੋਂ 8.1 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਸੀ । ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਤਰਨਤਾਰਨ ਅਤੇ ਅੰਮ੍ਰਿਤਸਰ ਪੇਂਡੂ ਖੇਤਰਾਂ ਵਿੱਚ ਸਰਹੱਦ ਪਾਰੋਂ ਚੱਲ ਰਹੇ ਕਾਰਟੈਲ ਦੇ ਇੱਕ ਹੋਰ ਮਜ਼ਬੂਤ ਗਠਜੋੜ ਦਾ ਪਰਦਾਫਾਸ਼ ਹੋਇਆ ਹੈ । ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀ ਇੱਕ ਦੂਜੇ ਨਾਲ ਅਤੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਗੱਲਬਾਤ ਕਰਨ ਲਈ ਵਟਸਐਪ ਦੀ ਵਰਤੋਂ ਕਰ ਰਹੇ ਸਨ । ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਅੱਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ । ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ. ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਗੁਰਸੇਵਕ ਸਿੰਘ ਨੇ ਖੁਲਾਸਾ ਕੀਤਾ ਕਿ ਪਿਓ-ਪੁੱਤਰ, ਗੁਰਭੇਜ ਸਿੰਘ ਅਤੇ ਗੁਰਦਿੱਤ ਸਿੰਘ, ਮਲਕੀਤ ਸਿੰਘ ਨਾਲ ਮਿਲ ਕੇ ਇਸ ਖੇਤਰ ਵਿੱਚ ਡਰੱਗ ਸਿੰਡੀਕੇਟ ਚਲਾ ਰਹੇ ਸਨ । ਉਨ੍ਹਾਂ ਦੱਸਿਆ ਕਿ ਗੁਰਭੇਜ ਸਿੰਘ ਤਰਨਤਾਰਨ ਸੈਕਟਰ ਦੇ ਸਰਹੱਦੀ ਖੇਤਰ ਵਿੱਚ ਤਸਕਰੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ ਅਤੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਦਾ ਸੀ । ਸੀ. ਪੀ. ਨੇ ਕਿਹਾ ਕਿ ਦੋਸ਼ੀ ਗੁਰਭੇਜ ਸਿੰਘ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਆਪਣੇ ਸਾਥੀ ਮਲਕੀਤ ਸਿੰਘ ਦੀ ਮਾਲਕੀ ਵਾਲੇ ਖੇਤਾਂ ਵਿੱਚ ਡਰੋਨ ਰਾਹੀਂ ਭੇਜੀਆਂ ਖੇਪਾਂ ਪ੍ਰਾਪਤ ਕਰਦਾ ਸੀ । ਉਨ੍ਹਾਂ ਕਿਹਾ ਕਿ ਦੋਸ਼ੀ ਗੁਰਭੇਜ ਹੈਰੋਇਨ ਦੀ ਖੇਪਾਂ ਨੂੰ ਸੁਰੱਖਿਅਤ ਢੰਗ ਨਾਲ ਛੁਪਾਉਣ ਲਈ ਪਸ਼ੂਆਂ ਦੇ ਵਾੜਿਆਂ ਦੀ ਵਰਤੋਂ ਕਰ ਰਿਹਾ ਸੀ । ਉਨ੍ਹਾਂ ਦੱਸਿਆ ਕਿ ਉਸਦੇ ਖੁਲਾਸੇ ਤੋਂ ਬਾਅਦ ਉਸਦੇ ਘਰ ਵਿੱਚ ਪਲਾਸਟਿਕ ਦੇ ਡੱਬਿਆਂ ਵਿੱਚ ਬੰਦ ਕਰਕੇ ਮਿੱਟੀ ਦੇ ਟੋਏ ਵਿੱਚ ਰੱਖੀ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ । ਸੀ. ਪੀ. ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਤੋਂ ਬਾਅਦ ਗੁਰਜੀਤ ਸਿੰਘ ਦੀ ਪਛਾਣ ਅਤੇ ਗ੍ਰਿਫ਼ਤਾਰੀ ਕੀਤੀ ਗਈ । ਉਨ੍ਹਾਂ ਕਿਹਾ ਕਿ ਉਸ ਦੇ ਘਰ ਦੀ ਤਲਾਸ਼ੀ ਦੌਰਾਨ 2.006 ਕਿਲੋ ਹੈਰੋਇਨ, ਇੱਕ .30 ਬੋਰ ਦਾ ਪਿਸਤੌਲ ਅਤੇ ਇੱਕ ਮੈਗਜ਼ੀਨ ਬਰਾਮਦ ਕੀਤੀ ਗਈ । ਉਨ੍ਹਾਂ ਦੱਸਿਆ ਕਿ ਪਿਸਤੌਲ ਉਸਦੇ ਬੈੱਡ ਦੇ ਗੱਦੇ ਅੰਦਰ ਛੁਪਾਇਆ ਹੋਇਆ ਸੀ । ਇਸ ਸਬੰਧੀ ਐਫ. ਆਈ. ਆਰ. ਨੰਬਰ 177 ਮਿਤੀ 06-09-2025 ਨੂੰ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21-ਬੀ, 27-ਏ, 21-ਸੀ ਅਤੇ 29 ਤਹਿਤ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ ।