ਮਦਰੱਸੇ ਵਿਚ ਪੜ੍ਹਦੇ 5 ਸਾਲਾ ਬੱਚੇ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ
- by Jasbeer Singh
- August 24, 2024
ਮਦਰੱਸੇ ਵਿਚ ਪੜ੍ਹਦੇ 5 ਸਾਲਾ ਬੱਚੇ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਵਿਚ ਇਕ ਮਦਰੱਸੇ ਵਿਚ ਪੜ੍ਹਦੇ 5 ਸਾਲਾ ਬੱਚੇ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ । ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ । ਪੁਲਸ ਨੇ ਦੱਸਿਆ ਕਿ ਬੱਚੇ ਦੀ ਗਰਦਨ, ਪੇਟ ਅਤੇ ਕਮਰ `ਤੇ ਛਾਲੇ ਸਨ । ਪੁਲਸ ਮੁਤਾਬਕ ਬ੍ਰਜਪੁਰੀ ਮਦਰੱਸੇ `ਚ ਸ਼ੁੱਕਰਵਾਰ ਰਾਤ ਕਰੀਬ 9.52 ਵਜੇ ਬੱਚੇ ਦੀ ਮੌਤ ਹੋਣ ਦੀ ਸੂਚਨਾ ਮਿਲੀ । ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 6.30 ਵਜੇ ਬੱਚੇ ਦੀ ਮਾਂ ਨੂੰ ਦੱਸਿਆ ਗਿਆ ਕਿ ਉਸ ਦਾ ਪੁੱਤ ਬੀਮਾਰ ਹੈ। ਉਹ ਉਸ ਨੂੰ ਬ੍ਰਜਪੁਰੀ ਦੇ ਇਕ ਨਿੱਜੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਉਨ੍ਹਾਂ ਦੱਸਿਆ ਕਿ ਔਰਤ ਆਪਣੇ ਬੇਟੇ ਦੀ ਲਾਸ਼ ਲੈ ਕੇ ਮਦਰੱਸੇ ਵਾਪਸ ਪਰਤੀ ਤਾਂ ਉੱਥੇ ਵੱਡੀ ਭੀੜ ਇਕੱਠੀ ਹੋ ਗਈ । ਉਨ੍ਹਾਂ ਲਾਸ਼ ਨੂੰ ਸੜਕ ’ਤੇ ਰੱਖ ਕੇ ਮਦਰੱਸਾ ਪ੍ਰਸ਼ਾਸਨ ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ ।

