
ਫ਼ੌਜ ਦਾ ਹੈਲੀਕਾਪਟਰ ਉਤਾਰਨ ਲਈ ਲਾਈ ਸਮੋਕਿੰਗ ਲਾਈਟ ਨਾਲ ਲੱਗੀ ਅੱਗ, ਦੋ ਕਿਸਾਨਾਂ ਦਾ 32 ਵਿੱਘੇ ਨਾੜ ਸੜਿਆ
- by Aaksh News
- April 30, 2024

ਨੇੜਲੇ ਪਿੰਡ ਨਕਟੇ ਵਿਖੇ ਮੰਗਲਵਾਰ ਨੂੰ ਖੇਤਾਂ ਨੇੜੇ ਚੱਲ ਰਹੀ ਫ਼ੌਜ ਦੀ ਟ੍ਰੇਨਿੰਗ ਦੌਰਾਨ ਹੈਲੀਕਾਪਟਰ ਉਤਾਰਨ ਸਮੇਂ ਕਣਕ ਦੀ ਨਾੜ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀ ਇਸ ਘਟਨਾ ਵਿੱਚ 2 ਕਿਸਾਨਾਂ ਦਾ ਕਰੀਬ 32 ਵਿਘੇ ਨਾੜ ਸੜ ਕੇ ਸਵਾਹ ਹੋ ਗਿਆ। ਘਟਨਾ ਦੀ ਪੁਸ਼ਟੀ ਕਰਦਿਆਂ ਪਿੰਡ ਦੇ ਅਧਿਕਾਰਿਤ ਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋੰ ਉਨ੍ਹਾਂ ਦੇ ਪਿੰਡ ਫੌਜੀਆਂ ਦਾ ਟ੍ਰੇਨਿੰਗ ਕੈਂਪ ਚੱਲ ਰਿਹਾ ਹੈ ਤੇ ਟ੍ਰੇਨਿੰਗ ਦੇ ਤਹਿਤ ਮੰਗਲਵਾਰ ਦੁਪਹਿਰ ਜਦੋਂ ਖੇਤਾਂ ਵਿੱਚ ਹੈਲੀਕਾਪਟਰ ਉਤਾਰਿਆ ਜਾ ਰਿਹਾ ਸੀ ਤਾਂ ਖੇਤਾਂ ਵਿੱਚ ਖੜ੍ਹੇ ਫ਼ੌਜੀ ਜਵਾਨਾਂ ਵੱਲੋਂ ਹੈਲੀਕਾਪਟਰ ਨੂੰ ਲੈਂਡ ਕਰਨ ਲਈ ਸਮੋਕਿੰਗ ਲਾਈਟ ਜਲਾ ਕੇ ਉਤਰਨ ਵਾਲੀ ਥਾਂ ਦਾ ਇਸ਼ਾਰਾ ਕੀਤਾ ਤਾਂ ਇਸ ਦੌਰਾਨ ਵਗ ਰਹੀ ਤੇਜ ਹਵਾ ਕਾਰਨ ਸਮੋਕਿੰਗ ਲਾਈਟ 'ਚੋੰ ਨਿਕਲੇ ਚਿੰਗਾੜੇ ਖੇਤਾਂ ਵਿੱਚ ਡਿੱਗ ਪਏ ਤੇ ਅੱਗ ਖੇਤਾਂ ਵਿਚ ਖੜੀ ਕਣਕ ਦੀ ਨਾੜ ਨੂੰ ਚੜ੍ਹ ਗਈ। ਹੈਲੀਕਾਪਟਰ ਉਤਾਰਨ ਦੀ ਬਜਾਏ ਦੁਬਾਰਾ ਹਵਾ ਵਿੱਚ ਉਡਾਇਆ ਪੰਚ ਬਲਵਿੰਦਰ ਨੇ ਦੱਸਿਆ ਕਿ ਸੁੱਕੇ ਨਾੜ ਨੇ ਇੱਕਦਮ ਅੱਗ ਫੜ ਲਈ ਤੇ ਮੌਕੇ 'ਤੇ ਭਗਦੜ ਮੱਚ ਗਈ। ਓਧਰ, ਮੌਕੇ ਨੂੰ ਭਾਂਪਦਿਆਂ ਪਾਇਲਟ ਨੇ ਹੈਲੀਕਾਪਟਰ ਨੂੰ ਹੇਠਾਂ ਉਤਾਰਨ ਦੀ ਬਜਾਏ ਮੁੜ ਹਵਾ ਵਿੱਚ ਉਡਾ ਦਿੱਤਾ। ਅੱਗ ਬੁਝਾਉਣ ਲਈ ਪਿੰਡ ਦੇ ਲੋਕਾਂ ਨੇ ਆਪਣੇ ਤੌਰ 'ਤੇ ਯਤਨ ਕਰਨੇ ਸ਼ੁਰੂ ਕੀਤੇ ਤੇ ਇਸ ਦੌਰਾਨ ਅੱਗ ਬੁਝਾਊ ਗੱਡੀ ਵੀ ਮੌਕੇ 'ਤੇ ਪਹੁੰਚ ਗਈ ਜਿਸ ਨੇ ਅੱਗ 'ਤੇ ਕਾਬੂ ਪਾਇਆ ਪਰੰਤੂ ਇਸ ਘਟਨਾ ਦੌਰਾਨ ਕਿਸਾਨ ਦਰਸ਼ਨ ਸਿੰਘ ਦੀ ਕਰੀਬ 22 ਵਿੱਘੇ ਤੇ ਹਜ਼ਾਰਾ ਸਿੰਘ ਦੇ 10 ਵਿੱਘੇ ਨਾੜ ਸੜ ਕੇ ਸਵਾਹ ਹੋ ਗਿਆ ਸੀ। ਇਸ ਸਬੰਧੀ ਗੱਲ ਕਰਨ 'ਤੇ ਭਵਾਨੀਗੜ੍ਹ ਦੇ ਥਾਣਾ ਮੁਖੀ ਗੁਰਨਾਮ ਸਿੰਘ ਵੱਲੋੰ ਵੀ ਘਟਨਾ ਦੀ ਪੁਸ਼ਟੀ ਕੀਤੀ ਗਈ। ਦੂਜੇ ਪਾਸੇ ਪਤਾ ਲੱਗਾ ਹੈ ਕਿ ਫ਼ੌਜ ਨੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਸਬੰਧਤ ਕਿਸਾਨਾਂ ਨੂੰ ਦੇ ਦਿੱਤਾ ਹੈ।