
ਦੇਸ਼ ਅਤੇ ਪੰਜਾਬ ਦੇ ਭਖਦਿਆਂ ਮਸਲਿਆਂ ਦੀ ਵਿਚਾਰ-ਚਰਚਾ ਕਰਨ ਲਈ ਰਾਜ ਦੇ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਦੀ ਹੋਈ ਸਾਂਝੀ
- by Jasbeer Singh
- April 3, 2025

ਦੇਸ਼ ਅਤੇ ਪੰਜਾਬ ਦੇ ਭਖਦਿਆਂ ਮਸਲਿਆਂ ਦੀ ਵਿਚਾਰ-ਚਰਚਾ ਕਰਨ ਲਈ ਰਾਜ ਦੇ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਦੀ ਹੋਈ ਸਾਂਝੀ ਮੀਟਿੰਗ -ਵੱਖ-ਵੱਖ ਮਸਲਿਆਂ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਢੁਕਵੇਂ ਮੰਚ ਦੀ ਸਥਾਪਨਾ ਕਰਨ ਦੀ ਲੋੜ 'ਤੇ ਦਿੱਤਾ ਜ਼ੋਰ ਜਲੰਧਰ, 3 ਅਪ੍ਰੈਲ : ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿਚ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਸੰਘੀ ਢਾਂਚੇ ਲਈ ਉੱਭਰ ਰਹੇ ਖ਼ਤਰਿਆਂ ਅਤੇ ਦਿਨੋ-ਦਿਨ ਪੰਜਾਬ ਦੇ ਗੰਭੀਰ ਹੁੰਦੇ ਜਾ ਰਹੇ ਮਸਲਿਆਂ 'ਤੇ ਵਿਚਾਰ ਕਰਨ ਲਈ ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਰਾਜ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਪ੍ਰਮੁੱਖ ਬੁੱਧੀਜੀਵੀਆਂ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸ਼ਿਰਕਤ ਕਰਨ ਵਾਲੇ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਨੇ ਇਕ ਸੁਰ ਵਿਚ ਬੋਲਦਿਆਂ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਕਿ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਸੰਘੀ ਢਾਂਚੇ ਨੂੰ ਕੇਂਦਰੀ ਸਰਕਾਰ ਦੀਆਂ ਕੇਂਦਰਵਾਦੀ ਨੀਤੀਆਂ ਕਾਰਨ ਹਕੀਕੀ ਰੂਪ ਵਿਚ ਵੱਡੇ ਖ਼ਤਰੇ ਪੈਦਾ ਹੋ ਰਹੇ ਹਨ। ਇਨ੍ਹਾਂ ਖ਼ਤਰਿਆਂ ਬਾਰੇ ਦੇਸ਼ ਦੇ ਅਤੇ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਲਾਮਬੰਦ ਕਰਨ ਲਈ ਇਕ ਪ੍ਰਭਾਵੀ ਮੰਚ ਦੀ ਲੋੜ ਹੈ, ਜੋ ਸਮੇਂ-ਸਮੇਂ ਆਪਣੀਆਂ ਮੀਟਿੰਗਾਂ, ਸੈਮੀਨਾਰਾਂ ਅਤੇ ਹੋਰ ਢੰਗ-ਤਰੀਕਿਆਂ ਨਾਲ ਕੇਂਦਰਵਾਦੀ ਰੁਝਾਨਾਂ ਦਾ ਵਿਰੋਧ ਕਰੇ ਅਤੇ ਲੋਕਾਂ ਸਾਹਮਣੇ ਬਦਲਵਾਂ ਬਿਰਤਾਂਤ ਰੱਖੇ । ਇਸ ਦੇ ਨਾਲ ਹੀ ਮੀਟਿੰਗ ਵਿਚ ਸ਼ਾਮਿਲ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਨੇ ਇਹ ਵੀ ਮਹਿਸੂਸ ਕੀਤਾ ਕਿ ਪੰਜਾਬ ਨੂੰ ਰਾਜਨੀਤਕ, ਆਰਥਿਕ, ਵਾਤਾਵਰਣਕ, ਸੱਭਿਆਚਾਰਕ ਅਤੇ ਅਮਨ-ਕਾਨੂੰਨ ਦੇ ਪੱਖ ਤੋਂ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ। ਇਨ੍ਹਾਂ ਚੁਣੌਤੀਆਂ ਬਾਰੇ ਅਕਾਦਮਿਕ ਪੱਧਰ 'ਤੇ ਵਿਚਾਰ-ਚਰਚਾ ਕਰਕੇ ਹੱਲ ਲੱਭਣ ਲਈ ਵੀ ਰਾਜ ਦੀਆਂ ਸਿਆਸੀ ਪਾਰਟੀਆਂ ਅਤੇ ਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਇਨ੍ਹਾਂ ਸਰੋਕਾਰਾਂ ਲਈ ਵੀ ਪ੍ਰਸਤਾਵਿਤ ਮੰਚ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਾ ਪਵੇਗਾ। ਮੀਟਿੰਗ ਵਿਚ ਸ਼ਾਮਿਲ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਨੇ ਇਹ ਸਹਿਮਤੀ ਵੀ ਪ੍ਰਗਟ ਕੀਤੀ ਕਿ ਭਵਿੱਖ ਵਿਚ ਇਹੋ ਜਿਹੀਆਂ ਹੋਰ ਮੀਟਿੰਗ ਬੁਲਾ ਕੇ ਵੱਧ ਤੋਂ ਵੱਧ ਸਿਆਸੀ ਧਿਰਾਂ ਅਤੇ ਬੁੱਧੀਜੀਵੀਆਂ ਨੂੰ ਨਾਲ ਜੋੜਨ ਦੀ ਲੋੜ ਹੈ। ਇਸ ਮੀਟਿੰਗ ਵਿਚ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ, ਸੀ.ਪੀ.ਆਈ. (ਐੱਮ.) ਦੇ ਸਕੱਤਰ ਕਾਮਰੇਡ ਬੰਤ ਬਰਾੜ, ਆਰ.ਐਮ.ਪੀ.ਆਈ. ਦੇ ਕੌਮੀ ਆਗੂ ਕਾਮ. ਮੰਗਤਰਾਮ ਪਾਸਲਾ, ਸੀਪੀ.ਆਈ.(ਐੱਮ.) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮ. ਗੁਰਮੀਤ ਸਿੰਘ ਬਖ਼ਤਪੁਰ, ਸੀਨੀਅਰ ਸੂਬਾਈ ਆਗੂ ਸੁਖਦੇਵ ਸਿੰਘ ਤੇ ਵਿਜੇ ਕੁਮਾਰ, ਆਰ. ਐਮ. ਪੀ. ਆਈ. ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਪ੍ਰਗਟ ਸਿੰਘ ਜਮਾਰਾਏ ਅਤੇ ਸੂਬਾ ਸਕੱਤਰੇਤ ਦੇ ਮੈਂਬਰਾਨ ਪ੍ਰੋ. ਜੈਪਾਲ ਸਿੰਘ, ਸੱਜਣ ਸਿੰਘ, ਐਮ.ਸੀ.ਪੀ.ਆਈ. ਯੂ. ਦੇ ਆਗੂ ਮੰਗਤ ਰਾਏ ਲੌਂਗੋਵਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਬੁੱਧੀਜੀਵੀਆਂ ਅਤੇ ਲੇਖਕਾਂ ਵਿਚੋਂ ਪ੍ਰੋ. ਵਰਿਆਮ ਸਿੰਘ ਸੰਧੂ, ਪ੍ਰੋ. ਜਗਰੂਪ ਸਿੰਘ ਸੇਖੋਂ, ਕੇਂਦਰੀ ਲੇਖਕ ਸਭਾ ਦੇ ਸਕੱਤਰ ਡਾ. ਦਰਸ਼ਨ ਸਿੰਘ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਅਮਰਜੀਤ ਸਿੰਘ ਸਿੱਧੂ, ਸਤਨਾਮ ਸਿੰਘ ਚਾਨਾ, ਪ੍ਰਗਤੀਸ਼ੀਲ ਲੇਖਕ ਸਭਾ ਵਲੋਂ ਭਗਵੰਤ ਰਸੂਲਪੁਰੀ ਅਤੇ ਪੰਜਾਬ ਚੇਤਨਾ ਮੰਚ ਵਲੋਂ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਆਪੋ-ਆਪਣੇ ਵਿਚਾਰ ਰੱਖੇ।
Related Post
Popular News
Hot Categories
Subscribe To Our Newsletter
No spam, notifications only about new products, updates.