
ਸਦਰ ਬਾਜ਼ਾਰ ਵਿਖੇ ਸ਼ਾਲੀਮਾਰ ਟਾਰਚ ਨਾਮ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ ; ਸਾਰਾ ਸਮਾਨ ਸੜ ਕੇ ਹੋਇਆ ਸੁਆਹ
- by Jasbeer Singh
- April 26, 2024

ਪਟਿਆਲਾ, 26 ਅਪ੍ਰੈਲ (ਜਸਬੀਰ)-ਸ਼ਾਹੀ ਸ਼ਹਿਰ ਪਟਿਆਲਾ ਦੇ ਭੀੜ-ਭੜੱਕੇ ਵਾਲੇ ਸਦਰ ਬਾਜ਼ਾਰ ਵਿਖੇ ਬਣੀ ਸ਼ਾਲੀਮਾਰ ਟਾਰਚ ਨਾਮ ਦੀ ਦੁਕਾਨ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਜਿਊਂ ਹੀ ਬਾਹਰ ਨਿਕਲੀਆਂ ਤਾਂ ਲੋਕਾਂ ਨੇ ਰੌਲਾ ਪਾ ਲਿਆ ਤੇ ਤੁਰੰਤ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬਿ੍ਰਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਤੁਰੰਤ ਇੰਚਾਰਜ਼ ਫਾਇਰ ਬਿਗ੍ਰੇਡ ਰਜਿੰਦਰ ਕੌਸ਼ਲ ਦੀ ਅਗਵਾਈ ਵਾਲੀ ਫਾਇਰ ਬਿ੍ਰਗੇਡ ਦੀ ਟੀਮ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਫਾਇਰ ਬਿ੍ਰਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਟੀਮ ਵਿਚ ਮਨੋਜ ਕੁਮਾਰ ਸਬ-ਫਾਇਰ ਅਫ਼ਸਰ, ਮੰਗਲ ਮਲ ਪੁਰੀ ਡਰਾਈਵਰ, ਮਨਿੰਦਰ ਸਿੰਘ ਡਰਾਈਵਰ, ਹਰਜਿੰਦਰ ਸਿੰਘ ਫਾਇਰਮੈਨ, ਨਰਿੰਦਰ ਸਿੰਘ ਫਾਇਰਮੈਨ, ਗੁਰਪ੍ਰੀਤ ਸਿੰਘ ਫਾਇਰਮੈਨ, ਰੋਹਿਤ ਮਹਿਤਾ ਫਾਇਰਮੈਨ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਫਾਇਰ ਬਿ੍ਰਗੇਡ ਟੀਮ ਨੇ ਜਿਥੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ, ਉਥੇ ਸਮੇਂ ਸਿਰ ਵੱਡਾ ਹਾਦਸਾ ਹੋਣੋਂ ਬਚਾ ਲਿਆ ਕਿਉਕਿ ਇਹ ਇਕ ਭੀੜ ਭੜੱਕੇ ਵਾਲਾ ਬਾਜ਼ਾਰ ਹੈ ਤੇ ਇਥੇ ਵੱਡੀ ਗਿਣਤੀ ਵਿਚ ਦੁਕਾਨਾਂ ਹਨ ਤੇ ਜੇਕਰ ਅੱਗ ਬੇਕਾਬੂ ਹੋ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।