ਮਾਲੇਰਕੋਟਲਾ ਦੇ ਵਿਕਾਸ ਅਤੇ ਬੇਹਤਰ ਸਾਫ-ਸਫਾਈ ਲਈ ਵਚਨਬੱਧ ਆਮ ਆਦਮੀ ਪਾਰਟੀ : ਵਿਧਾਇਕ ਮਾਲੇਰਕੋਟਲਾ
- by Jasbeer Singh
- December 30, 2025
ਮਾਲੇਰਕੋਟਲਾ ਦੇ ਵਿਕਾਸ ਅਤੇ ਬੇਹਤਰ ਸਾਫ-ਸਫਾਈ ਲਈ ਵਚਨਬੱਧ ਆਮ ਆਦਮੀ ਪਾਰਟੀ : ਵਿਧਾਇਕ ਮਾਲੇਰਕੋਟਲਾ ਬਰਤਨ ਬਾਜ਼ਾਰ ਤੋਂ ਰਹਿਮਾਨੀ ਢਾਬਾ ਰੋਡ ਤੱਕ ਸੀਵਰੇਜ ਸਫ਼ਾਈ ਕੰਮਾਂ ਦੀ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਮੌਕੇ ‘ਤੇ ਜਾਂਚ ਕਿਹਾ, ਆਮ ਆਦਮੀ ਪਾਰਟੀ ਦੀ ਨੀਤੀ “ਕੰਮ ਬੋਲਦਾ ਹੈ” ਦੇ ਅਧਾਰ ‘ਤੇ ਸਰਕਾਰ ਹਰ ਵਰਗ ਦੇ ਲੋਕਾਂ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਮਾਲੇਰਕੋਟਲਾ, 30 ਦਸੰਬਰ 2025 : ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਅੱਜ ਸ਼ਹਿਰ ਦੇ ਮੁੱਖ ਵਪਾਰਿਕ ਇਲਾਕੇ ਬਰਤਨ ਬਾਜ਼ਾਰ ਤੋਂ ਰਹਿਮਾਨੀ ਢਾਬਾ ਰੋਡ(ਬੇਰੀਆਂ ਮੁਹੱਲਾ) ਤੱਕ ਚੱਲ ਰਹੇ ਸੀਵਰੇਜ ਸਫ਼ਾਈ ਕੰਮਾਂ ਦਾ ਮੌਕੇ ‘ਤੇ ਪਹੁੰਚ ਕੇ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਸ਼ਹਿਰ ਦੀ ਸਾਫ-ਸਫਾਈ ਅਤੇ ਸੀਵਰੇਜ ਦੀ ਸਫ਼ਾਈ ਦਾ ਕੰਮ ਪੂਰੀ ਸੰਤੁਸਟੀ ਅਤੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ, ਸ਼ਹਿਰਾਂ ਅਤੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਪ੍ਰਣਾਲੀ ਦੀ ਸੁਧਾਰ ਅਤੇ ਨਿਯਮਤ ਸਫ਼ਾਈ ਨਾਲ ਨਾ ਸਿਰਫ਼ ਗੰਦਗੀ ਅਤੇ ਬਦਬੂ ਤੋਂ ਨਿਜਾਤ ਮਿਲੇਗੀ, ਸਗੋਂ ਸਿਹਤ ਸੰਬੰਧੀ ਸਮੱਸਿਆਵਾਂ ‘ਚ ਵੀ ਕਮੀ ਆਵੇਗੀ । ਉਨ੍ਹਾਂ ਨੇ ਕਿਹਾ ਕਿ ਬਰਤਨ ਬਾਜ਼ਾਰ ਅਤੇ ਰਹਿਮਾਨੀ ਢਾਬਾ ਰੋਡ ਵਰਗੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਸੀਵਰੇਜ ਜਾਮ ਹੋਣ ਕਾਰਨ ਵਪਾਰੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਆ ਰਹੀਆਂ ਸਨ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਕੰਮ ਤਰਜੀਹੀ ਅਧਾਰ ‘ਤੇ ਸ਼ੁਰੂ ਕਰਵਾਇਆ ਗਿਆ ਹੈ । ਡਾ. ਰਹਿਮਾਨ ਨੇ ਕਿਹਾ ਕਿ ਪਾਰਟੀ ਦੀ ਨੀਤੀ “ਕੰਮ ਬੋਲਦਾ ਹੈ” ਦੇ ਅਧਾਰ ‘ਤੇ ਸਰਕਾਰ ਹਰ ਵਰਗ ਦੇ ਲੋਕਾਂ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮਾਲੇਰਕੋਟਲਾ ਦੇ ਸਮੁੱਚੇ ਵਿਕਾਸ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਨੇਕ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ, ਤਾਂ ਜੋ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਵਿਕਸਿਤ ਬਣਾਇਆ ਜਾ ਸਕੇ ।
