post

Jasbeer Singh

(Chief Editor)

Punjab

ਆਪ ਨੇ ਅੱਧੀ ਮਿਆਦ ਪੂਰੀ ਕੀਤੀ ਪਰ ਪੰਜਾਬ ਤੇ ਪੰਜਾਬੀਆਂ ਵਾਸਤੇ ਕੱਪ ਨਹੀਂ ਕੀਤਾ : ਸ਼ੋ੍ਰਮਣੀ ਅਕਾਲੀ ਦਲ

post-img

ਆਪ ਨੇ ਅੱਧੀ ਮਿਆਦ ਪੂਰੀ ਕੀਤੀ ਪਰ ਪੰਜਾਬ ਤੇ ਪੰਜਾਬੀਆਂ ਵਾਸਤੇ ਕੱਪ ਨਹੀਂ ਕੀਤਾ : ਸ਼ੋ੍ਰਮਣੀ ਅਕਾਲੀ ਦਲ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੀ ਅੱਧੀ ਮਿਆਦ ਪੂਰੀ ਕਰ ਲਈ ਹੈ ਪਰ ਇਸਨੇ ਪੰਜਾਬ ਅਤੇ ਪੰਜਾਬੀਆਂ ਵਾਸਤੇ ਕੱਖ ਨਹੀਂ ਕੀਤਾ।ਪਾਰਟੀ ਨੇ ਕਿਹਾ ਕਿ ਆਪ ਸਰਕਾਰ ਕਾਨੂੰਨ ਵਿਵਸਥਾ ਕਾਬੂ ਹੇਠ ਰੱਖਣ, ਨਸ਼ਿਆਂ ਦਾ ਪਸਾਰ ਰੋਕਣ, ਕਿਸਾਨਾਂ ਦੇ ਹਾਲਾਤ ਸੁਧਾਰਣ ਤੇ ਸਿਹਤ ਤੇ ਸਿੱਖਿਆ ਖੇਤਰ ਵਿਚ ਸੁਧਾਰ ਕਰਨ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਆਪ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੇ ਜਾਲ ਵਿਚ ਵੀ ਫਸਾ ਦਿੱਤਾ ਹੈ।ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਆਪਣੀ ਮਿਆਦ ਦੇ ਪਹਿਲੇ ਅੱਧ ਦੌਰਾਨ ਆਪ ਸਰਕਾਰ ਨੇ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਜਿਸ ਦੌਰਾਨ ਗੈਂਗਸਟਰਾਂ ਦਾ ਰਾਜ ਰਿਹਾ ਤੇ ਫਿਰੌਤੀਆਂ ਤੇ ਕਤਲ ਰੋਜ਼ਾਨਾ ਦਾ ਕੰਮ ਬਣ ਗਏ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਆਪ ਸਰਕਾਰ ਨੇ ਖੁਦ ਹਾਈ ਕੋਰਟ ਵਿਚ ਮੰਨਿਆ ਹੈ ਕਿ ਖਤਰਨਾਕ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿਚ ਇੰਟਰਵਿਊ ਮਗਰੋਂ ਫਿਰੌਤੀਆਂ ਤੇ ਕਤਲ ਕੇਸਾਂ ਵਿਚ ਵਾਧਾ ਹੋ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ ਤੇ ਲੁੱਟਾ ਖੋਹਾਂ ਤੇ ਡਕੈਤੀਆਂ ਵਿਚ ਵੀ ਚੋਖਾ ਵਾਧਾ ਹੋਇਆ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਇਹਨਾਂ ਹਾਲਾਤਾਂ ਕਾਰਣ ਸੂਬੇ ਵਿਚੋਂ ਉਦਯੋਗ ਹਿਜ਼ਰਤ ਕਰ ਰਹੇ ਹਨ ਤੇ ਕੋਈ ਵੀ ਨਵਾਂ ਨਿਵੇਸ਼ ਨਹੀਂ ਹੋ ਰਿਹਾ।ਐਡਵੋਕੇਟ ਕਲੇਰ ਨੇ ਕਿਹਾ ਕਿ ਆਪ ਸਰਕਾਰ ਸੂਬੇ ਵਿਚ ਨਸ਼ਿਆਂ ਦਾ ਪਸਾਰ ਰੋਕਣ ਵਿਚ ਨਾਕਾਮ ਰਹੀ ਹੈ। ਅੱਜ ਨਸ਼ਿਆਂ ਦੀ ਹੋਮ ਡਲੀਵਰੀ ਹੋ ਰਹੀ ਹੈ ਕਿਉਂਕਿ ਸੱਤਾਧਾਰੀ ਪਾਰਟੀ ਦੇ ਮੰਤਰੀ, ਵਿਧਾਇਕ ਤੇ ਹੋਰ ਆਗੂ ਇਹਨਾਂ ਨਸ਼ਾ ਤਸਕਰਾਂ ਨਾਲ ਰਲੇ ਹਨ ਤਾਂ ਜੋ ਪੈਸਾ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਪੁਲਿਸ ਨੂੰ ਵੀ ਨਸ਼ਾ ਮਾਫੀਆ ਖਿਲਾਫ ਕਾਰਵਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ।ਅਕਾਲੀ ਆਗੂ ਨੇ ਕਿਹਾ ਕਿ ਇਸੇ ਤਰੀਕੇ ਕਿਸਾਨੀ ਮੁਸ਼ਕਿਲਾਂ ਵਿਚ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਗਿਰਦਾਵਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਆਵਜ਼ਾ ਦੇਣ ਦੇ ਕੀਤੇ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਨੂੰ ਵਾਰ-ਵਾਰ ਹੋਏ ਫਸਲੀ ਨੁਕਸਾਨ ਦਾ ਇਕ ਵੀ ਦੁੱਕੀ ਮੁਆਵਜ਼ਾ ਨਹੀਂ ਮਿਲਿਆ।ਐਡਵੋਕੇਟ ਕਲੇਰ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਖੇਤਰ ਦੇ ਹਾਲਾਤ ਵੀ ਲੋਕਾਂ ਦੇ ਸਾਹਮਣੇ ਹਨ ਅਤੇ ਮੁੱਖ ਮੰਤਰੀ ਖੁਦ ਦਾਅਵਾ ਕਰ ਰਹੇ ਹਨ ਕਿ ਉਹ ਸਰਕਾਰੀ ਸਕੂਲ ਵਿਚ ਜਾਣ ਲੱਗਿਆਂ ਖਿਸਕੀ ਮਾਰਦੇ ਰਹੇ ਅਤੇ ਬਜਾਏ ਪੜ੍ਹਨ ਦੇ ਆਪਣੇ ਨਾਲ ਦੇ ਸਾਥੀਆਂ ਨਾਲ ਰਲ ਕੇ ਹੋਰਨਾਂ ਵਿਦਿਆਰਥੀਆਂ ਨਾਲ ਕੁੱਟਮਾਰ ਕਰਦੇ ਰਹੇ। ਉਹਨਾਂ ਕਿਹਾ ਕਿ ਆਪ ਸਰਕਾਰ ਤਾਂ ਆਪਣੇ ਕਾਰਜਕਾਲ ਦੌਰਾਨ ਇਕ ਵੀ ਨਵਾਂ ਸਕੂਲ ਖੋਲ੍ਹਣ ਵਿਚ ਨਾਕਾਮ ਰਹੀ ਹੈ ਤੇ ਬਾਦਲ ਸਰਕਾਰ ਵੇਲੇ ਖੋਲ੍ਹੇ ਮੈਰੀਟੋਰੀਅਸ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿਚ ਬਦਲ ਰਹੀ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਸਿਹਤ ਖੇਤਰ ਦਾ ਵੀ ਹਾਲਤ ਮਾੜਾ ਹੈ ਤੇ ਪੇਂਡੂ ਸਿਹਤ ਕੇਂਦਰ ਬੰਦ ਕਰ ਕੇ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਜੋ ਆਮ ਆਦਮੀ ਦੇ ਕਿਸੇ ਕੰਮ ਦੇ ਨਹੀਂ ਹਨ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਨੂੰ ਹੀ ਇਲਾਜ ਵਾਸਤੇ ਆਮ ਆਦਮੀ ਕਲੀਨਿਕ ਜਾਂ ਸਥਾਨਕ ਸਿਹਤ ਕੇਂਦਰਾਂ ਦੀ ਥਾਂ ਦਿੱਲੀ ਦੇ ਹਸਪਤਾਲ ਲਿਜਾਣ ਲਈ ਹਵਾਈ ਜਹਾਜ਼ ਰਾਹੀਂ ਲਿਜਾਣਾ ਪਿਆ ਤਾਂ ਕੋਈ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਸਥਾਨਕ ਸਿਹਤ ਕੇਂਦਰਾਂ ਦੇ ਹਾਲਾਤ ਕੀ ਹੋਣਗੇ। ਭਗਵੰਤ ਮਾਨ ਨੂੰ ਹਰ ਮੁਹਾਜ਼ ’ਤੇ ਅਸਫਲ ਹੋਣ ਕਾਰਣ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਲਈ ਕਹਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ ਤੇ ਇਸ ਸਿਰ ਇੱਕ ਲੱਖ ਕਰੋੜ ਰੁਪਏ ਦਾ ਨਵਾਂ ਕਰਜ਼ਾ ਚਾੜ੍ਹ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।

Related Post