
ਤਰਸੇਮ ਸਿੰਘ ਹੱਤਿਆ ਮਾਮਲੇ 'ਚ ਫ਼ਰਾਰ ਸ਼ੂਟਰ ਸਰਬਜੀਤ ਸਿੰਘ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ
- by Aaksh News
- May 12, 2024

ਉੱਤਰਾਖੰਡ ਦੇ ਨਾਨਕਮਤਾ ’ਚ ਡੇਰਾ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆ ਕਰ ਕੇ ਫ਼ਰਾਰ ਇਕ ਲੱਖ ਦਾ ਇਨਾਮੀ ਸ਼ੂਟਰ ਸਰਬਜੀਤ ਸਿੰਘ ਡੇਢ ਮਹੀਨੇ ਬਾਅਦ ਵੀ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਇਸ ਹਾਲਤ ’ਚ ਸ਼ੂਟਰ ਕੋਲ ਪਾਸਪੋਰਟ ਨਾ ਹੋਣ ’ਤੇ ਉਸ ਦੇ ਨੇਪਾਲ ਰਸਤੇ ਬੰਗਲਾਦੇਸ਼ ਭੱਜਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਪੁਲਿਸ ਟੀਮਾਂ ਨੇ ਉਸ ਦੀ ਗਿ੍ਰਫ਼ਤਾਰੀ ਲਈ ਪੰਜਾਬ, ਹਰਿਆਣਾ ਦੇ ਨਾਲ-ਨਾਲ ਪੱਛਮੀ ਉੱਤਰ ਪ੍ਰਦੇਸ਼ ’ਚ ਡੇਰਾ ਲਾਇਆ ਹੋਇਆ ਹੈ। 28 ਮਾਰਚ ਨੂੰ ਬਾਈਕ ਸਵਾਰ ਸ਼ੂਟਰਾਂ ਨੇ ਨਾਨਕਮਤਾ ’ਚ ਡੇਰਾ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ’ਚ ਪੁਲਿਸ ਨੇ ਦੋਵਾਂ ਸ਼ੂਟਰਾਂ ਪੰਜਾਬ ਦੇ ਅਮਰਜੀਤ ਸਿੰਘ ਉਰਫ ਬਿੱਟੂ ਤੇ ਸਰਬਜੀਤ ਸਿੰਘ ਦੀ ਪਛਾਣ ਕਰ ਕੇ ਉਨ੍ਹਾਂ ’ਤੇ ਇਕ ਲੱਖ ਦਾ ਇਨਾਮ ਐਲਾਨ ਦਿੱਤਾ ਸੀ। ਉਦੋਂ ਸਰਬਜੀਤ ਸਿੰਘ ਦੇ ਬੰਗਲਾਦੇਸ਼ ਦੇ ਢਾਕਾ ’ਚ ਹੋਣ ਦੀ ਸੋਸ਼ਲ ਮੀਡੀਆ ’ਚ ਪੋਸਟ ਵੀ ਪ੍ਰਸਾਰਤ ਹੋਈ ਸੀ। ਪੁਲਿਸ ਹੁਣ ਤੱਕ ਮਾਮਲੇ ’ਚ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ ਜਦਕਿ ਸ਼ੂਟਰ ਅਮਰਜੀਤ ਸਿੰਘ ਉਰਫ ਬਿੱਟੂ ਨੂੰ ਹਰਿਦੁਆਰ ’ਚ ਪੁਲਿਸ ਨੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ। ਇੱਧਰ, ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਨੂੰ ਨੇਪਾਲ ਰਸਤੇ ਬੰਗਲਾਦੇਸ਼ ਭਜਾ ਦਿੱਤਾ ਗਿਆ ਹੋਵੇ। ਇਸ ’ਚ ਉਸ ਦੀ ਮਦਦ ਹੱਤਿਆ ਦੀ ਸਾਜ਼ਿਸ਼ ’ਚ ਸ਼ਾਮਲ ਲੋਕਾਂ ਨੇ ਕੀਤੀ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਹ ਮੰਨਣ ਤੋਂ ਬਚ ਰਹੇ ਹਨ। ਐੱਸਪੀ ਸਿਟੀ ਮਨੋਜ ਕੁਮਾਰ ਕਤਿਆਲ ਨੇ ਦੱਸਿਆ ਕਿ ਸਰਬਜੀਤ ਸਿੰਘ ਕੋਲ ਪਾਸਪੋਰਟ ਨਹੀਂ ਹੈ। ਪੁਲਿਸ ਹਰ ਬਿੰਦੂ ’ਤੇ ਕੰਮ ਕਰ ਰਹੀ ਹੈ। ਛੇਤੀ ਹੀ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।