post

Jasbeer Singh

(Chief Editor)

Punjab

ਸਿੱਖਿਆ ਅਤੇ ਨਹਿਰੀ ਪਾਣੀ ਕ੍ਰਾਂਤੀ ਤੋਂ ਬਾਅਦ ਹਲਕਾ ਦਿੜ੍ਹਬਾ ਬਿਜਲੀ ਕ੍ਰਾਂਤੀ ਦੇ ਰਾਹ ਉੱਤੇ

post-img

ਸਿੱਖਿਆ ਅਤੇ ਨਹਿਰੀ ਪਾਣੀ ਕ੍ਰਾਂਤੀ ਤੋਂ ਬਾਅਦ ਹਲਕਾ ਦਿੜ੍ਹਬਾ ਬਿਜਲੀ ਕ੍ਰਾਂਤੀ ਦੇ ਰਾਹ ਉੱਤੇ - ਖਡਿਆਲ ਗਰਿੱਡ ਚਾਲੂ, ਕੜਿਆਲ ਗਰਿੱਡ ਤਿਆਰ ਅਤੇ ਢੰਡੋਲੀ ਗਰਿੱਡ ਅਗਲੇ 5 ਮਹੀਨੇ ਵਿੱਚ ਹੋਵੇਗਾ ਚਾਲੂ - 40 ਤੋਂ ਵਧੇਰੇ ਪਿੰਡਾਂ ਨੂੰ ਹੋਵੇਗਾ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਲਾਭ - ਸਿੱਖਿਆ, ਨਹਿਰੀ ਪਾਣੀ ਅਤੇ ਵਾਧੂ ਬਿਜਲੀ ਕਿਸੇ ਖਿੱਤੇ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ - ਹਰਪਾਲ ਸਿੰਘ ਚੀਮਾ ਦਿੜ੍ਹਬਾ, 14 ਜੂਨ (000) - ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦੇ ਸੁਹਿਰਦ ਯਤਨਾਂ ਸਦਕਾ ਹਲਕਾ ਦਿੜ੍ਹਬਾ ਵਿਕਾਸ ਦੇ ਨਿੱਤ ਨਵੇਂ ਦਿਸਹੱਦੇ ਕਾਇਮ ਕਰ ਰਿਹਾ ਹੈ। ਹਲਕੇ ਵਿੱਚ ਜਿੱਥੇ ਸਿੱਖਿਆ ਕ੍ਰਾਂਤੀ ਤਹਿਤ ਪਿਛਲੇ ਸਮੇਂ ਦੌਰਾਨ ਸਿੱਖਿਆ ਦਾ ਪੱਧਰ ਚੁੱਕਿਆ ਗਿਆ ਹੈ ਉਥੇ ਹੀ ਇਕੱਲੇ ਇਕੱਲੇ ਖੇਤ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਤਹਿਤ ਹੁਣ ਹਲਕਾ ਦਿੜ੍ਹਬਾ ਬਿਜਲੀ ਕ੍ਰਾਂਤੀ ਵਿੱਚ ਮੋਹਰੀ ਹੋ ਕੇ ਅੱਗੇ ਵਧ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹਲਕਾ ਦਿੜ੍ਹਬਾ ਦੇ ਲੋਕਾਂ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰਨ ਲਈ ਬਿਜਲੀ ਸੁਧਾਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਿਸ ਤਹਿਤ ਜਿੱਥੇ 3.50 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਖਡਿਆਲ ਵਿਖੇ 66 ਕੇ ਵੀ ਗਰਿੱਡ ਚਾਲੂ ਕਰ ਦਿੱਤਾ ਗਿਆ ਹੈ ਉਥੇ ਹੀ ਪਿੰਡ ਕੜਿਆਲ ਵਿਖੇ 3 ਕਰੋੜ ਰੁਪਏ ਦੀ ਲਾਗਤ ਨਾਲ 66 ਕੇ ਵੀ ਗਰਿੱਡ ਬਣ ਕੇ ਤਿਆਰ ਹੋ ਗਿਆ ਹੈ, ਜਿਸ ਨੂੰ ਜਲਦ ਹੀ ਚਾਲੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਢੰਡੋਲੀ ਕਲਾਂ ਵਿਖੇ ਵੀ 4 ਕਰੋੜ ਰੁਪਏ ਦੀ ਲਾਗਤ ਨਾਲ 66 ਕੇ ਵੀ ਗਰਿੱਡ ਬਣਨ ਜਾ ਰਿਹਾ ਹੈ। ਜਿਸਨੂੰ ਅਗਲੇ 5 ਮਹੀਨੇ ਵਿੱਚ ਤਿਆਰ ਕਰਕੇ ਚਾਲੂ ਕਰਨ ਦਾ ਟੀਚਾ ਹੈ। ਸ੍ਰ ਚੀਮਾ ਨੇ ਕਿਹਾ ਕਿ ਇਹ ਤਿੰਨੋਂ ਗਰਿੱਡ ਚਾਲੂ ਹੋਣ ਨਾਲ ਦਿੜ੍ਹਬਾ ਹਲਕੇ ਵਿੱਚ ਬਿਜਲੀ ਦਾ ਕਾਫੀ ਸੁਧਾਰ ਹੋ ਜਾਵੇਗਾ। ਘਰੇਲੂ ਬਿਜਲੀ ਸਪਲਾਈ ਦੇ ਨਾਲ ਨਾਲ ਖੇਤੀਬਾੜੀ ਸੈਕਟਰ ਨੂੰ ਵੀ ਬਹੁਤ ਲਾਭ ਮਿਲੇਗਾ। ਉਹਨਾਂ ਕਿਹਾ ਕਿ ਖਡਿਆਲ ਬਿਜਲੀ ਘਰ ਬਣਨ ਨਾਲ ਖਡਿਆਲ, ਰਟੋਲਾਂ, ਚੱਠੇ, ਬਿਗੜਵਾਲ, ਤਰੰਜੀਖੇੜਾ ਅਤੇ ਮਹਿਲਾਂ ਪਿੰਡਾਂ ਦੀ ਘਰੇਲੂ ਸਪਲਾਈ ਅਤੇ ਖੇਤਾਂ ਦੀ ਬਿਜਲੀ ਦਾ ਸੁਧਾਰ ਤਾਂ ਹੋਵੇਗਾ ਹੀ ਨਾਲ ਸੁਨਾਮ, ਸੂਲਰ ਅਤੇ ਕੁਲਾਰ ਖੁਰਦ ਬਿਜਲੀ ਘਰਾਂ ਨੂੰ ਬਿਜਲੀ ਲੋਡ ਨੂੰ ਰਿਲੀਫ਼ ਮਿਲੇਗਾ। ਇਸੇ ਤਰ੍ਹਾਂ ਕੜਿਆਲ ਬਿਜਲੀ ਘਰ ਬਣਨ ਨਾਲ ਕੜਿਆਲ, ਦਿੜ੍ਹਬਾ, ਖੇਤਲਾ, ਧੁਹੜ, ਬਰਾਸ, ਸਿਹਾਲ ਅਤੇ ਸਜੂਮਾਂ ਪਿੰਡਾਂ ਦੀ ਬਿਜਲੀ ਵਿੱਚ ਵੱਡਾ ਸੁਧਾਰ ਹੋਵੇਗਾ ਅਤੇ 66 ਕੇ ਵੀ ਦਿੜ੍ਹਬਾ, ਮੁਨਸ਼ੀ ਵਾਲਾ ਅਤੇ ਦਿਆਲਗੜ੍ਹ ਬਿਜਲੀ ਘਰਾਂ ਨੂੰ ਲੋਡ ਨੂੰ ਰਿਲੀਫ਼ ਮਿਲੇਗਾ। ਉਹਨਾਂ ਕਿਹਾ ਕਿ ਇਲਾਕੇ ਦੇ ਕੰਮਾਂ ਨੂੰ ਤਰਜੀਹ ਦਿੰਦੇ ਹੋਏ ਹੁਣ ਦਿੜ੍ਹਬਾ ਹਲਕੇ ਅੰਦਰ 66 ਕੇ ਵੀ ਗਰਿੱਡ ਸਬ ਸਟੇਸ਼ਨ ਢੰਡੋਲੀ ਖੁਰਦ ਵੀ ਮਨਜੂਰ ਕਰਵਾ ਲਿਆ ਗਿਆ ਹੈ। ਇਸ ਗਰਿੱਡ ਦੇ ਬਣਨ ਨਾਲ ਢੰਡੋਲੀ ਕਲਾਂ, ਜਨਾਲ, ਛਾਹੜ, ਸੂਲਰ, ਕੈਂਪਰ, ਸੰਗਤੀਵਾਲਾ ਅਤੇ ਭਾਈ ਕੀ ਪਸ਼ੌਰ ਤੱਕ ਦੇ ਇਲਾਕੇ ਦੇ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਨੂੰ ਵੱਡਾ ਲਾਭ ਮਿਲੇਗਾ। ਇਸ 66 ਕੇ ਵੀ ਗਰਿੱਡ ਦੇ ਬਣਨ ਨਾਲ ਦਿੜ੍ਹਬਾ, ਸੂਲਰ ਅਤੇ ਕੌਹਰੀਆਂ ਵਿਖੇ ਚੱਲ ਰਹੇ ਬਿਜਲੀ ਘਰਾਂ ਨੂੰ ਲੋਡ ਵਿਚ ਵੱਡਾ ਰਿਲੀਫ਼ ਮਿਲੇਗਾ। ਇਸ ਉਪਰ 4.5 ਕਰੋੜ ਰੁਪਏ ਦਾ ਖਰਚਾ ਆਵੇਗਾ ਉਥੇ ਨਾਲ ਹੀ ਪਿੰਡ ਢੰਡੋਲੀ ਖੁਰਦ ਨੂੰ ਪੇਂਡੂ ਸਪਲਾਈ ਤੋਂ ਸ਼ਹਿਰੀ ਸਪਲਾਈ ਨਾਲ ਜੋੜਿਆ ਜਾਵੇਗਾ। ਇਹਨਾਂ ਤਿੰਨਾਂ ਗਰਿੱਡਾਂ ਨਾਲ ਇਲਾਕੇ ਦੇ 40 ਪਿੰਡਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਵੱਡਾ ਲਾਭ ਮਿਲੇਗਾ। ਇਸ ਤੋਂ ਇਲਾਵਾ 66 ਕੇ ਵੀ ਦਿੜ੍ਹਬਾ ਵਿਚ 25 ਸਾਲ ਪੁਰਾਣੇ 20 ਮੈਗਾਵਾਟ ਪਾਵਰ ਟਰਾਂਸਫਾਰਮਰ, ਜੋ ਖਸਤਾ ਹਾਲਤ ਵਿੱਚ ਸੀ, ਨੂੰ ਵੀ ਝੋਨੇ ਦੀ ਲਵਾਈ ਸੀਜ਼ਨ ਤੋਂ ਪਹਿਲਾਂ ਬਦਲ ਦਿੱਤਾ ਸੀ। ਇਹ ਟਰਾਂਸਫਰਮਰ ਪਿਛਲੇ 5 ਸਾਲਾਂ ਤੋਂ ਨੁਕਸਦਾਰ ਸੀ ਅਤੇ ਆਪਣੀ ਪੂਰੀ ਸਮਰੱਥਾ ਅਨੁਸਾਰ ਨਹੀਂ ਚੱਲਦਾ ਸੀ। ਨਵਾਂ ਟਰਾਂਸਫਰਮਰ ਲੱਗਣ ਨਾਲ 66 ਕੇ ਵੀ ਸਬ ਸਟੇਸ਼ਨ ਦਿੜ੍ਹਬਾ ਵਿਖੇ ਵੀ ਇਹ ਮੁਸ਼ਕਿਲ ਦੂਰ ਹੋ ਗਈ ਹੈ। ਜਿਸ ਨਾਲ ਤਕਰੀਬਨ 2 ਕਰੋੜ ਰੁਪਏ ਦਾ ਖਰਚਾ ਹੋਇਆ ਹੈ। ਹਲਕਾ ਦਿੜ੍ਹਬਾ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ, ਨਹਿਰੀ ਪਾਣੀ ਅਤੇ ਵਾਧੂ ਬਿਜਲੀ ਕਿਸੇ ਖਿੱਤੇ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸੇ ਤਰਜ਼ ਉੱਤੇ ਹੀ ਹਲਕਾ ਦਿੜ੍ਹਬਾ ਦਾ ਵਿਕਾਸ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਹਲਕਾ ਦਿੜ੍ਹਬਾ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਹਲਕਾ ਬਣਾਇਆ ਜਾਵੇਗਾ। ਜਾਣਕਾਰੀ ਦੇਣ ਮੌਕੇ ਉਹਨਾਂ ਨਾਲ ਪੀ ਐਸ ਪੀ ਸੀ ਐਲ ਦੇ ਦਿੜ੍ਹਬਾ ਡਵੀਜ਼ਨ ਦੇ ਐਕਸੀਅਨ ਇੰਜੀਨੀਅਰ ਸ੍ਰ ਸੁਖਵੰਤ ਸਿੰਘ ਧੀਮਾਨ ਵੀ ਹਾਜ਼ਰ ਸਨ।

Related Post