
ਤਰਨਤਾਰਨ ਪੁਲਸ ਨੇ ਕੀਤਾ ਐਨਕਾਉਂਟਰ ਮਗਰੋਂ 50 ਲੱਖ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ ਨੂੰ ਕਾਬੂ
- by Jasbeer Singh
- November 12, 2024

ਤਰਨਤਾਰਨ ਪੁਲਸ ਨੇ ਕੀਤਾ ਐਨਕਾਉਂਟਰ ਮਗਰੋਂ 50 ਲੱਖ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ ਨੂੰ ਕਾਬੂ ਤਰਨ ਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ਦੀ ਪੁਲਸ ਅਤੇ ਇੱਕ ਨਾਮੀ ਬਦਮਾਸ਼ ਦੀ ਬੀਤੀ ਰਾਤ ਕਰੀਬ ਇੱਕ ਵਜੇ ਹੋਈ ਮੁੱਠਭੇੜ ਦੌਰਾਨ ਪੁਲਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਚਲਾਈ ਗਈ ਗੋਲੀ ਵਿੱਚ ਬਦਮਾਸ਼ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ । ਜਿਸ ਦੀ ਪਹਿਚਾਣ ਯੁੱਧਵੀਰ ਸਿੰਘ ਵਜੋਂ ਹੋਈ ਹੈ। ਜੋ ਕਿ ਗੈਂਗਸਟਰ ਹੈਪੀ ਬਾਬਾ ਦੀ ਗੈਂਗ ਦਾ ਗੁਰਗਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ ਵਿੱਚ ਬੰਦ ਗੈਂਗਸਟਰ ਹੈਪੀ ਬਾਬਾ ਦੀ ਗੈਂਗ ਦੇ ਗੁਰਗੇ ਯੁੱਧਵੀਰ ਸਿੰਘ ਵੱਲੋਂ ਪਿਛਲੇ ਦਿਨੀ ਤਰਨ ਤਾਰਨ ਦੇ ਇੱਕ ਵਪਾਰੀ ਪਾਸੋਂ 50 ਲੱਖ ਰੁਪਏ ਦੀ ਫਰੌਤੀ ਮੰਗੀ ਗਈ ਸੀ । ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਜਾਣ ਤੋਂ ਬਾਅਦ ਪੁਲਿਸ ਨੂੰ ਗੁਪਤ ਸੋਰਸਾਂ ਤੋਂ ਜਾਣਕਾਰੀ ਮਿਲੀ ਸੀ ਕਿ ਬੀਤੀ ਰਾਤ 1 ਵਜੇ ਦੇ ਕਰੀਬ ਯੁਧਵੀਰ ਸਿੰਘ ਤਰਨ ਤਾਰਨ ਦੇ ਇਲਾਕੇ ਵਿੱਚ ਹੀ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਦਮਾਸ਼ ਵੱਲੋਂ ਪੁਲਿਸ ਤੇ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ।ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਜਦੋਂ ਪੁਲਿਸ ਵੱਲੋਂ ਗੋਲੀ ਚਲਾਈ ਗਈ ਤਾਂ ਇੱਕ ਗੋਲੀ ਯੁਧਵੀਰ ਸਿੰਘ ਦੀ ਲੱਤ ਵਿੱਚ ਲੱਗ ਗਈ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਅਤੇ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਉਸਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਪੁਲਿਸ ਵੱਲੋਂ ਜਦੋਂ ਬਦਮਾਸ਼ ਨੂੰ ਕਾਬੂ ਕੀਤਾ ਗਿਆ ਤਾਂ ਉਸ ਪਾਸੋਂ ਨੌ ਐਮਐਮ ਦਾ ਇੱਕ ਗਲੋਕ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ ।