
ਜ਼ਿਲ੍ਹਾਵਾਰ ਮੀਟਿੰਗਾਂ ਵਿੱਚ ਮਿਲੇ ਭਰਪੂਰ ਜਨ ਸਮਰਥਨ ਤੋਂ ਬਾਅਦ ਹਲਕਾ ਸਮਰਾਲਾ ਦੀ ਮੀਟਿੰਗ ਨੇ ਵੀ ਧਾਰਿਆ ਰੈਲੀ ਦਾ ਰੂਪ
- by Jasbeer Singh
- April 2, 2025

ਜ਼ਿਲ੍ਹਾਵਾਰ ਮੀਟਿੰਗਾਂ ਵਿੱਚ ਮਿਲੇ ਭਰਪੂਰ ਜਨ ਸਮਰਥਨ ਤੋਂ ਬਾਅਦ ਹਲਕਾ ਸਮਰਾਲਾ ਦੀ ਮੀਟਿੰਗ ਨੇ ਵੀ ਧਾਰਿਆ ਰੈਲੀ ਦਾ ਰੂਪ ਅਕਾਲੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਧਾਰਾ ਵਿੱਚ ਹੋਣ ਲੱਗੇ ਲਾਮਬੰਦ ਸਮਰਾਲਾ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੀਟਿੰਗਾਂ ਨੂੰ ਜਿੱਥੇ ਜ਼ਿਲ੍ਹਾਵਾਰ ਮੀਟਿੰਗਾਂ ਵਿੱਚ ਭਰਪੂਰ ਜਨ ਸਮਰਥਨ ਮਿਲਿਆ ਉਥੇ ਹੀ ਅੱਜ ਹਲਕਾ ਸਮਰਾਲਾ ਵਿਖੇ ਹੋਈ ਮੀਟਿੰਗ ਨੇ ਵੀ ਰੈਲੀ ਦਾ ਰੂਪ ਧਾਰਿਆ । ਸਮਰਾਲਾ ਮੀਟਿੰਗ ਵਿੱਚ ਭਰਤੀ ਕਮੇਟੀ ਦੇ ਮੈਂਬਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਇਕਬਾਲ ਸਿੰਘ ਝੂੰਦਾ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਖਾਸ ਤੌਰ ਤੇ ਹਾਜ਼ਰ ਰਹੇ । ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਦੁਖੀ ਅਤੇ ਹਤਾਸ਼ ਹੈ। ਇਸ ਦੀ ਮੁੱਖ ਵਜ੍ਹਾ ਯੋਗ ਸਿਆਸੀ ਅਗਵਾਈ ਦਾ ਨਾ ਰਹਿਣਾ ਹੈ। ਵੱਡੇ ਵੱਡੇ ਵਾਅਦਿਆਂ ਦਾ ਸਿਆਸੀ ਸਰੋਕਾਰ ਪੂਰਾ ਹੋਣ ਤੋਂ ਬਾਅਦ ਵਿੱਚ ਬਦਲ ਜਾਣਾ, ਇਸ ਨੇ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਹਤਾਸ਼ ਕੀਤਾ। ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਹੀ ਨਹੀਂ ਸਗੋ ਸਾਜਿਸ਼ ਚਲ ਰਹੀ ਹੈ । ਸਰਦਾਰ ਇਯਾਲੀ ਨੇ ਕਿਹਾ ਕਿ ਇਥੋਂ ਤੱਕ ਕਿ ਕੌਮ ਦੀਆਂ ਸਿਰਮੌਰ ਹਸਤੀਆਂ ਸਿੰਘ ਸਾਹਿਬਾਨ ਨੂੰ ਜਲੀਲ ਕਰਕੇ ਹਟਾਇਆ ਜਾਂਦਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਹਤਾਸ਼ ਹੋ ਚੁੱਕੇ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਤੋਂ ਬੜੀਆਂ ਉਮੀਦਾਂ ਲਗਾਕੇ ਬੈਠੇ ਹਨ, ਇਸ ਲਈ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ, ਤਾਂ ਜੋ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਮਾਤ ਨੂੰ ਮਜ਼ਬੂਤ ਕੀਤਾ ਜਾ ਸਕੇ, ਜਿਹੜੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕੇ । ਸਰਦਾਰ ਇਯਾਲੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਅੱਜ ਸਿਆਸੀ ਅਗਵਾਈ ਕਰਨ ਦਾ ਨੈਤਿਕ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ, ਜਿਹੜਾ ਕਿ ਹੁਕਮਨਾਮਾ ਸਾਹਿਬ ਵਿਚ ਬੜਾ ਸਪੱਸ਼ਟ ਲਿਖਿਆ ਹੈ, ਅੱਜ ਓਹ ਲੀਡਰਸ਼ਿਪ ਤਿਆਗ ਦੀ ਭਾਵਨਾ ਦਿਖਾਉਣ ਦੀ ਬਜਾਏ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇ ਰਹੀ ਪੰਚ ਪ੍ਰਧਾਨੀ ਭਰਤੀ ਕਮੇਟੀ ਦੇ ਮੈਬਰਾਂ ਦੀ ਕਿਰਦਾਰਕੁਸ਼ੀ ਕਰਵਾ ਰਹੀ ਹੈ । ਸਰਦਾਰ ਇਯਾਲੀ ਨੇ ਮੁੜ ਦੁਹਰਾਇਆ ਕਿ ਸਾਡਾ ਕੋਈ ਨਿੱਜੀ ਸਿਆਸੀ ਮੁਫ਼ਾਦ ਨਾ ਸੀ, ਨਾ ਹੈ ਅਤੇ ਨਾ ਹੀ ਰਹੇਗਾ। ਅਸੀਂ ਆਪਣੇ ਮਜ਼ਬੂਤ ਧਰੋਹਰ ਜਮਾਤ ਦੀ ਪੁਨਰ ਸੁਰਜੀਤੀ ਲਈ ਅੱਗੇ ਵਧ ਰਹੇ, ਜਿਸ ਦਾ ਸਬੂਤ ਹਰ ਮੀਟਿੰਗ ਵਿੱਚ ਆਪਣੇ ਆਪ ਉੱਮੜਦਾ ਜਲ ਸੈਲਾਬ ਹੈ। ਸਰਦਾਰ ਇਯਾਲੀ ਨੇ ਜਾਣਕਾਰੀ ਦਿੱਤੀ ਕਿ ਸਾਡੇ ਅਗਲੇ ਪ੍ਰੋਗਰਾਮ, ਨੀਤੀਆਂ ਦੀ ਜਾਣਾਕਰੀ ਪ੍ਰਾਪਤ ਕਰਨ ਕਰਨ ਲਈ ਵਰਕਰ ਪੁੱਛ ਰਹੇ ਹਨ, ਸਾਡੀ ਹਮੇਸ਼ਾ ਪਹਿਲਕਦਮੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਰਹੇਗੀ। ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਪੰਜਾਬ ਅੰਦਰ ਪਣਪ ਚੁੱਕੀ ਪਰਿਵਾਰਵਾਦ ਦੀ ਸਿਆਸਤ ਨੂੰ ਤੋੜਨ ਦੀ ਲੋੜ ਹੈ, ਤਾਂ ਜੋ ਨੌਜਵਾਨੀ ਨੂੰ ਵੱਧ ਤੋਂ ਵੱਧ ਮੌਕੇ ਮਿਲ ਸਕਣ । ਝੂੰਦਾਂ ਕਮੇਟੀ ਰਿਪੋਰਟ ਦੀ ਗੱਲ ਕਰਦਿਆਂ ਸਰਦਾਰ ਇਯਾਲੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਕਮੇਟੀ ਮੈਬਰ 100 ਦੇ ਕਰੀਬ ਹਲਕਿਆਂ ਵਿੱਚ ਗਏ, ਵਰਕਰਾਂ ਦੇ ਸੁਝਾਅ ਕਲਮਬੰਦ ਕੀਤੇ ਗਏ, ਵੱਡੀ ਮੰਗ ਲੀਡਰਸ਼ਿਪ ਬਦਲਾਅ ਦੀ ਉੱਠੀ, ਪਰਿਵਾਰਵਾਦ ਦੀ ਸਿਆਸਤ ਤੋਂ ਪਾਰਟੀ ਨੂੰ ਬਾਹਰ ਕੱਢਣ ਦੀ ਮੰਗ ਉੱਠੀ, ਪਾਰਟੀ ਅੰਦਰ ਪ੍ਰਭਾਵਸ਼ਾਲੀ ਹੋ ਚੁੱਕੇ ਅਜਿਹੀ ਸੋਚ ਵਾਲੇ ਨੇਤਾਵਾਂ ਤੇ ਲਗਾਮ ਲਗਾਉਣ ਦੀ ਮੰਗ ਉੱਠੀ ਜਿਹਨਾਂ ਉਪਰ ਕੁਦਰਤੀ ਸਰੋਤਾਂ ਜਰੀਏ ਪੈਸਾ ਇਕੱਠਾ ਕਰਨ ਦੇ ਦੋਸ਼ ਲੱਗਦੇ ਰਹੇ, ਸਰਕਾਰ ਦੌਰਾਨ ਹੋਈਆਂ ਗਲਤੀਆਂ ਗੁਨਾਹਾਂ ਲਈ ਮੁਆਫੀ ਮੰਗ ਲੈਣ ਦੀ ਮੰਗ ਉੱਠੀ, ਪਰ ਸਾਡੀ ਲੀਡਰਸ਼ਿਪ ਜਿਸ ਨੇ ਰਿਪੋਰਟ ਨੂੰ ਹੁਕਮਨਾਮਾ ਸਾਹਿਬ ਦੀ ਤਰਾਂ ਇੰਨ ਬਿੰਨ ਲਾਗੂ ਕਰਨਾ ਸੀ, ਉਸ ਰਿਪੋਰਟ ਨੂੰ ਆਪਣੇ ਸਿਆਸੀ ਮੁਫਾਦਾਂ ਹੇਠ ਪੂਰਨ ਤੇ ਲਾਗੂ ਨਹੀਂ ਹੋਣ ਦਿੱਤਾ ਗਿਆ, ਇਹੀ ਵਜ੍ਹਾ ਸੀ ਕਿ ਅਗਲੀਆਂ ਲੋਕ ਸਭਾ ਚੋਣਾਂ ਵੀ ਬੁਰੀ ਤਰ੍ਹਾਂ ਹਾਰੇ । ਦਰਅਸਲ ਪੰਜਾਬ ਵਾਸੀਆਂ ਨੇ ਵਿਧਾਨ ਸਭਾ ਚੋਣਾਂ ਮੌਕੇ ਨਕਾਰੀ ਜਾ ਚੁੱਕੀ ਲੀਡਰਸ਼ਿਪ ਦੀ ਅਗਵਾਈ ਕਬੂਲਣ ਕੋਰੀ ਨਾਂਹ ਕੀਤੀ । ਸਰਦਾਰ ਇਯਾਲੀ ਨੇ ਕਿਹਾ ਕਿ ਸਾਡੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਿੱਜੀ ਸਿਆਸੀ ਵਿਰੋਧਤਾ ਨਹੀਂ ਹੈ, ਅਸੀ ਸਿਧਾਂਤਾ ਅਤੇ ਪਾਰਟੀ ਨੂੰ ਬਚਾਉਣ ਅਤੇ 2027 ਵਿਚ ਪੰਜਾਬੀਆਂ ਦੀ ਆਪਣੀ ਅਗਵਾਈ ਵਾਲੀ ਪਾਰਟੀ ਲੀਡਰਸ਼ਿਪ ਹੇਠ ਸੱਤਾ ਪਰਵਰਤਨ ਲਈ ਜਦੋਂ ਜਹਿਦ ਕਰ ਰਹੇ ਹਾਂ ਜਿਸ ਲਈ ਮਿਲ ਰਿਹਾ ਸਮਰਥਨ ਸਾਨੂੰ ਅੱਗੇ ਵਧਣ ਲਈ ਸਾਨੂੰ ਹੌਸਲਾ ਦੇ ਰਿਹਾ ਹੈ । ਸਰਦਾਰ ਇਕਬਾਲ ਸਿੰਘ ਝੂੰਦਾਂ ਨੇ ਸਰਦਾਰ ਇਯਾਲੀ ਵਲੋ ਅਗਲੇ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ, ਨੀਤੀਆਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ, ਅੱਜ ਹਰ ਪੰਜਾਬੀ ਚਾਹੁੰਦਾ ਹੈ ਕਿ ਸਿਆਸਤ ਨੂੰ ਪਰਿਵਾਰਵਾਦ ਦੇ ਗਲਬੇ ਵਿੱਚੋ ਬਾਹਰ ਕੀਤਾ ਜਾਵੇ, ਇਸ ਲਈ ਪਾਰਟੀ ਦੇ ਸੰਵਿਧਾਨ ਅੰਦਰ ਵੱਡੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਸਮੇਂ ਸਮੇਂ ਤੇ ਲੋਕਾਂ ਦੀ ਮੰਗ ਅਨੁਸਾਰ ਹਰ ਖੇਤਰ ਵਿੱਚ ਤਬਦੀਲੀ ਆਈ ਵੀ ਹੈ ਅਤੇ ਜਰੂਰੀ ਵੀ ਹੈ । ਇਸ ਲਈ ਸਿਆਸੀ ਖੇਤਰ ਵਿੱਚ ਖਾਸ ਕਰਕੇ ਪੰਥਕ ਅਤੇ ਅਕਾਲੀ ਸਿਆਸਤ ਵਿੱਚ ਸੰਵਿਧਾਨਿਕ ਤਬਦੀਲੀ ਆਵੇ, ਇਸ ਲਈ ਮੰਗ ਅੱਜ ਸਮੁੱਚਾ ਪੰਜਾਬ ਅਤੇ ਪੰਥ ਕਰ ਰਿਹਾ ਹੈ । ਸਰਦਾਰ ਝੂੰਦਾਂ ਨੇ ਹਾਜ਼ਰ ਅਕਾਲੀ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਮਾਂ ਲੀਡਰਸ਼ਿਪ ਬਦਲਾਅ ਦਾ ਨਹੀਂ ਸਗੋ ਸਮਰਪਿਤ ਲੀਡਰਸ਼ਿਪ ਦੀ ਅਗਵਾਈ ਦਾ ਹੈ । ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਜਿੱਥੇ ਹਾਜ਼ਰ ਵਰਕਰਾਂ ਦਾ ਧੰਨਵਾਦ ਕੀਤਾ ਉਥੇ ਹੀ ਆਪਣੇ ਸੀਮਤ ਸਮੇਂ ਵਿੱਚ ਬੋਲਦਿਆਂ ਕਿਹਾ ਕਿ ਅੱਜ ਦੇ ਇਕੱਠ ਨੇ ਇਸ ਗੱਲ ਤੇ ਮੋਹਰ ਲਗਾਈ ਹੈ ਕਿ ਪੰਜ ਮੈਬਰਾਂ ਦੀ ਅਗਵਾਈ ਹੇਠ ਸਮੁੱਚਾ ਪੰਥ ਅਤੇ ਅਕਾਲੀ ਦਲ ਇੱਕਠਾ ਹੋ ਰਿਹਾ ਹੈ । ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਵਰਕਰਾਂ ਦੇ ਭਰੋਸੇ ਨੂੰ ਕਿਸੇ ਕੀਮਤ ਉਪਰ ਟੁੱਟਣ ਨਹੀਂ ਦਿੱਤਾ ਜਾਵੇਗਾ । ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਅਤੇ ਹਾਜ਼ਰ ਭਰਤੀ ਕਮੇਟੀ ਦੇ ਮੈਂਬਰਾਂ ਨੂੰ ਜੀ ਆਇਆਂ ਆਖਦੇ ਓਹਨਾ ਵਿਸ਼ਵਾਸ ਦਿਵਾਇਆ ਕਿ ਹਲਕਾ ਸਮਰਾਲਾ ਹਮੇਸ਼ਾ ਪੰਥਕ ਏਕਤਾ ਦਾ ਹਾਮੀ ਰਿਹਾ ਹੈ, ਜਿਸ ਦੀ ਮੋਹਰ ਅੱਜ ਹਾਜ਼ਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਗਾ ਦਿੱਤੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.