

ਚੋਣ ਲੜਨ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ : ਰਾਘਵ ਚੱਢਾ ਨਵੀਂ ਦਿੱਲੀ : ਚੋਣ ਲੜਨ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕੀਤੀ ਜਾਵੇ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸਾਡੇ ਦੇਸ਼ ਦੀ 65 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਲਗਭਗ 50 ਫੀਸਦੀ ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ। ਪਰ ਕੀ ਸਾਡੇ ਆਗੂ, ਸਾਡੇ ਚੁਣੇ ਹੋਏ ਨੁਮਾਇੰਦੇ ਵੀ ਇੰਨੇ ਨੌਜਵਾਨ ਹਨ? ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਪਹਿਲੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਪਹਿਲੀ ਲੋਕ ਸਭਾ ਵਿੱਚ 26 ਫੀਸਦੀ ਦੇ ਕਰੀਬ ਮੈਂਬਰ 40 ਸਾਲ ਤੋਂ ਘੱਟ ਉਮਰ ਦੇ ਸਨ। ਦੱਸਣਯੋਗ ਹੈ ਕਿ ਰਾਜਨੀਤੀ `ਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਨੂੰ ਲੈ ਕੇ ਰਾਜ ਸਭਾ `ਚ ਰਾਘਵ ਚੱਢਾ ਵਲੋਂ ਇਹ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਕਿਸੇ ਉਮੀਦਵਾਰ ਦੀ ਚੋਣ ਲੜਨ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕਰਨ ਅਤੇ ਦੇਸ਼ ਦੀ ਔਸਤ ਉਮਰ ਤੋਂ ਲੈ ਕੇ ਨੌਜਵਾਨ ਆਬਾਦੀ ਦੇ ਅੰਕੜੇ ਗਿਣਾਉਂਦਿਆਂ ਉਪਰਲੇ ਸਦਨ ਵਿੱਚ ਮੰਗ ਕੀਤੀ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਲਈ ਨਿਰਧਾਰਤ ਉਮਰ ਸੀਮਾ ਨੂੰ ਘਟਾਇਆ ਜਾਵੇ।