

ਪਟਿਆਲਾ ਹਲਕੇ ’ਚ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਦੇ ਰੂ-ਬ-ਰੂ ਹੋਏ ਅਕਾਲੀ ਉਮੀਦਵਾਰ ਐਨਕੇ ਸ਼ਰਮਾ ਨੇ ਨੌਜਵਾਨਾ ਨਾਲ ਸੰਵਾਦ ਰਚਾਇਆ। ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਇਨ੍ਹਾਂ ਵਿਦਿਆਰਥੀਆਂ ਵਿੱਚੋਂ ਜ਼ਿਆਦਾਤਰ ਨੇ ਪਟਿਆਲਾ ਦੀ ਤੁਲਨਾ ਮੁਹਾਲੀ ਨਾਲ ਕਰਦਿਆਂ, ਪਟਿਆਲਾ ਦੇ ਵੀ ਸਮਾਰਟ ਅਤੇ ਹੈਰੀਟੇਜ ਸਿਟੀ ਹੋਣ ਦੀ ਇੱੱਛਾ ਜ਼ਾਹਰ ਕੀਤੀ। ਸ੍ਰੀ ਸ਼ਰਮਾ ਨੇ ਜਵਾਬ ਵਿੱਚ ਕਿਹਾ ਕਿ 7 ਸਾਲਾਂ ਤੋਂ ਕਰਜ਼ਾ ਵਧਿਆ ਹੈ ਕਿ ਜਦੋਂਕਿ ਲੋੜ ਆਮਦਨ ਅਤੇ ਆਮਦਨ ਦੇ ਸਰੋਤਾਂ ਨੂੰ ਵਧਾਉਣ ਦੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ ਤੇ ਸੰਸਦ ਮੈਂਬਰ ਬਣਨ ਮਗਰੋਂ ਉਹ ਸ਼ਹਿਰ ਨੂੰ ਹੈਰੀਟੇਜ ਸਿਟੀ ਵਜੋਂ ਵਿਕਸਤ ਕਰਨਗੇ। ਘਨੌਰ ਦੇ ਨੌਜਵਾਨ ਦੇ ਪਟਿਆਲਾ ਦੇ ਵਿਕਾਸ ਬਾਰੇ ਸਵਾਲ ’ਤੇ ਸ਼ਰਮਾ ਨੇ ਕਿਹਾ ਕਿ ਜੇ ਸੰਸਦ ਮੈਂਬਰਾਂ ਤੇ ਪ੍ਰਸ਼ਾਸਨ ਵਿੱਚ ਤਾਲਮੇਲ ਹੋਵੇ ਤਾਂ ਮਾਸਟਰ ਪਲਾਨ ਬਣਾ ਕੇ ਵਿਕਾਸ ਕੀਤਾ ਜਾ ਸਕਦਾ ਹੈ। ਇੱਕ ਵਿਦਿਆਰਥਣ ਨੇ ਬੱਸਾਂ ਦੀ ਸਮੱਸਿਆ, ਸਿਟੀ ਬੱਸ ਸੇਵਾ ਅਤੇ ਬੱਸ ਅੱਡਾ ਸ਼ਹਿਰ ਤੋਂ ਦੂਰ ਹੋਣ ਦਾ ਮੁੱਦਾ ਉਠਾਇਆ, ਤਾਂ ਸ਼ਰਮਾ ਦਾ ਕਹਿਣਾ ਸੀ ਕਿ ਜੇ ਉਹ ਜਿੱਤੇ ਤਾਂ ਉਹ ਵਿਦਿਆਰਥੀਆਂ ਲਈ ਸੰਸਦ ਮੈਂਬਰ ਦੇ ਕੋਟੇ ਵਿਚੋਂ ਪਿੰਕ ਬੱਸ ਸੇਵਾ ਸ਼ੁਰੂ ਕਰਨਗੇ। ਦੋ ਘੰਟੇ ਦੇ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵਿੱਚੋਂ 35 ਨੇ ਸਵਾਲ ਪੁੱਛੇ। ‘ਉਮੀਦਵਾਰਾਂ ਬਾਰੇ ਗੂਗਲ ’ਤੇ ਸਰਚ ਕਰੋ’ ਸੰਵਾਦ ਦੌਰਾਨ ਇੱਕ ਨੌਜਵਾਨ ਦੇ ਸ਼੍ਰੀ ਸ਼ਰਮਾ ਨੂੰ ਕਿਉਂ ਚੁਣਿਆ ਜਾਵੇ ਦੇ ਸਵਾਲ ਬਾਰੇ ਅਕਾਲੀ ਉਮੀਦਵਾਰ ਨੇ ਕਿਹਾ ਕਿ ਵੋਟਰ ਗੂਗਲ ’ਤੇ ਉਨ੍ਹਾਂ ਸਮੇਤ ਦੂਜੇ ਉਮੀਦਵਾਰਾਂ ਦੀ ਕਾਰਜਸ਼ੈਲੀ, ਕੰਮਕਾਜ ਤੇ ਕਿਰਦਾਰ ਬਾਰੇ ਸਰਚ ਕਰੇ। ਜਿਸ ਦੀ ਕਾਰਗੁਜ਼ਾਰੀ ਤੋਂ ਤਸੱਲੀ ਹੋ ਜਾਵੇ ਉਸ ਨੂੰ ਵੋਟ ਪਾਈ ਜਾਵੇ।