
ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ : ਪ੍ਰਨੀਤ ਕੌਰ
- by Jasbeer Singh
- April 25, 2024

ਪਟਿਆਲਾ, 25 ਅਪ੍ਰੈਲ (ਜਸਬੀਰ)-ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਵਿਚ ਭਾਜਪਾ ਮਜਬੂਤੀ ਨਾਲ ਅੱਗੇ ਵੱਧ ਰਹੀ ਹੈ। ਪਾਰਟੀ ਨੂੰ ਕਿਸਾਨਾਂ ਨਾਲ ਪੂਰੀ ਹਮਦਰਦੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਢੁੱਕਵਾਂ ਹੱਲ ਕੱਢਣ ਲਈ ਸੀਨੀਅਰ ਲੀਡਰਸ਼ਿਪ ਕਿਸਾਨ ਆਗੂਆਂ ਨਾਲ ਲਗਾਤਾਰ ਸੰਪਰਕ ਵਿਚ ਹੈ। 24 ਪਿੰਡਾਂ ਵਿਚ ਭਾਜਪਾ ਦਾ ਬਾਈਕਾਟ ਕੀਤੇ ਜਾਣ ਦੇ ਸਵਾਲ ਨੂੰ ਸਿਰੇ ਤੋਂ ਨਕਾਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਉਤਰੀ ਬਾਈਪਾਸ ਦੀ ਤਜਵੀਜ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਹੀ ਤਿਆਰ ਕੀਤੀ ਗਈ ਸੀ। ਪਰ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਬਾਈਪਾਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਹੁਣ ਇਕ ਵਾਰ ਫਿਰ ਜਦੋਂ ਉਨ੍ਹਾਂ ਨੇ ਇਹ ਮਾਮਲਾ ਚੁੱਕਿਆ ਤਾਂ ਉਨ੍ਹਾਂ ਨੇ ਨਿਤਿਨ ਗਡਕਰੀ ਨੂੰ ਇਸ ਪ੍ਰੋਜੈਕਟ ਲਈ 754 ਕਰੋੜ ਰੁਪਏ ਦਾ ਬਜਟ ਪਾਸ ਕਰਵਾਉਣ ਲਈ ਕਿਹਾ। ਇਸ ਪ੍ਰੋਜੈਕਟ ਲਈ ਕੇਂਦਰ ਵਲੋਂ 24 ਅਪ੍ਰੈਲ 2024 ਨੂੰ ਟੈਂਡਰ ਜਾਰੀ ਕੀਤਾ ਗਿਆ ਹੈ। 754 ਕਰੋੜ ਰੁਪਏ ਵਿਚੋਂ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ 250 ਕਰੋੜ ਰੁਪਏ ਅਦਾ ਕਰਨੇ ਹਨ, ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਦਾ ਨਹੀਂ ਕੀਤੇ ਜਾ ਰਹੇ। ਪ੍ਰਨੀਤ ਕੌਰ ਨੇ ਕਿਹਾ ਕਿ ਜਿਨ੍ਹਾਂ 24 ਪਿੰਡਾਂ ਵਿਚ ਅਕਾਲੀ ਦਲ ਬਾਈਕਾਟ ਦੀ ਗੱਲ ਕਰ ਰਿਹਾ ਹੈ, ਉਨ੍ਹਾਂ ਦੇ ਲੋਕ ਜਾਣਦੇ ਹਨ ਕਿ ਬਾਈਪਾਸ ਬਣਨ ਤੋਂ ਬਾਅਦ ਹੋਰ ਕਿਸਾਨਾਂ ਦੀਆਂ ਜਮੀਨਾਂ ਕਿੰਨੀਆਂ ਕੀਮਤੀ ਹੋ ਜਾਣਗੀਆਂ ਅਤੇ ਇਲਾਕੇ ਵਿਚ ਹੋਰ ਵਿਕਾਸ ਕਾਰਜ ਸੁਰੂ ਹੋ ਸਕਣਗੇ। ਕਈ ਪਿੰਡਾਂ ਦੇ ਲੋਕ ਉਨ੍ਹਾਂ ਦੇ ਸਿੱਧੇ ਸੰਪਰਕ ਵਿਚ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਉਹ ਖੁਦ ਇਨ੍ਹਾਂ ਪਿੰਡਾਂ ਦਾ ਦੌਰਾ ਕਰਨਗੇ।