

ਨੈਸ਼ਨਲ ਹਾਈਵੇਅ ਨੰਬਰ 1 ਸ਼ੰਭੂ ਬਾਰਡਰ ’ਤੇ ਕਿਸਾਨ ਜਥੇਬੰਦੀ ਵੱਲੋਂ ਲਗਾਏ ਧਰਨੇ ਵਿੱਚ ਮਾਹੌਲ ਉਸ ਵੇਲ਼ੇ ਤਣਾਅਪੂਰਨ ਬਣ ਗਿਆ ਜਦੋਂ ਸ਼ੰਭੂ ਬਾਰਡਰ ਦੇ ਨੇੜੇ ਲਗਦੇ 20-25 ਪਿੰਡਾਂ ਦੇ ਲੋਕਾਂ ਅਤੇ ਵਪਾਰੀਆਂ ਵੱਲੋਂ ਇਕੱਠੇ ਹੋ ਕੇ ਧਰਨੇ ਵਾਲੀ ਸਟੇਜ ’ਤੇ ਪਹੁੰਚ ਕੇ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ। ਇਸ ਮੌਕੇ ਸਟੇਜ ’ਤੇ ਬੈਠੇ ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕਾਂ ਵਿੱਚ ਜ਼ਬਰਦਸਤ ਬਹਿਸ ਹੋਈ। ਧਰਨੇ ਦੇ ਆਗੂਆਂ ਨੇ ਲੋਕਾਂ ਨੂੰ ਸਰਕਾਰ ਅਤੇ ਭਾਜਪਾ ਦੇ ਹਮਾਇਤੀਆਂ ਤੱਕ ਆਖ ਦਿੱਤਾ, ਜਿਸ ਤੋਂ ਮਾਹੌਲ ਗਰਮਾ ਗਿਆ। ਪਿੰਡ ਵਾਸੀਆਂ ਨੇ ਕੁੱਝ ਸਮੇਂ ਲਈ ਤੇਪਲਾ ਰੋਡ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਕਰਨੈਲ ਸਿੰਘ ਸਾਬਕਾ ਸਰਪੰਚ ਘੱਗਰ ਸਰਾਏ, ਕੁਲਬੀਰ ਸਿੰਘ ਰਾਜਗੜ੍ਹ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਵੀ ਕਿਸਾਨ ਹਨ। ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਦੋਪਹੀਆ ਵਾਹਨਾਂ ਲਈ ਰਸਤਾ ਖੋਲ੍ਹਣ ਲਈ ਮੰਗ ਪੱਤਰ ਦਿੱਤਾ ਸੀ। ਇਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਅੱਜ ਸ਼ੰਭੂ ਬਾਰਡਰ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਪਿੰਡਾਂ ਦੇ ਲੋਕ ਅਤੇ ਵਪਾਰੀ ਇਕੱਠੇ ਹੋਏ ਸਨ। ਕਿਸਾਨਾਂ ਨੇ ਉਨ੍ਹਾਂ ’ਤੇ ਭਾਜਪਾ ਨਾਲ ਰਲੇ ਹੋਏ ਹੋਣ ਦਾ ਦੋਸ਼ ਲਗਾ ਦਿੱਤਾ ਜੋ ਸਰਾਸਰ ਗ਼ਲਤ ਹੈ। ਕਰਨੈਲ ਸਿੰਘ ਨੇ ਦੱਸਿਆ ਕਿ ਅੰਬਾਲਾ ਜਾਣ ਲਈ 15 ਮਿੰਟ ਦਾ ਰਸਤਾ ਹੈ ਜੋ ਕਿ ਹੁਣ ਡੇਢ ਘੰਟੇ ਤੋਂ ਵੀ ਵੱਧ ਸਮੇਂ ਦਾ ਹੋ ਗਿਆ ਹੈ। ਇਸ ਕਾਰਨ ਮਰੀਜ਼ਾਂ ਅਤੇ ਹੋਰ ਲੋੜਵੰਦਾਂ ਨੂੰ ਅੰਬਾਲਾ ਜਾਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡਾਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਸ਼ੰਭੂ ਬਾਰਡਰ ਨਹੀਂ ਖੋਲ੍ਹਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਦੇ ਸਾਰੇ ਰਸਤੇ ਜਾਮ ਕਰ ਦੇਣਗੇ। ਉੱਧਰ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ਾਂਤਮਈ 131 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਦੀ ਸਟੇਜ ’ਤੇ ਭਾਜਪਾ ਤੇ ਲੋਕਲ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂਆਂ ਵੱਲੋਂ ਉਨ੍ਹਾਂ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਗਿਆ ਜਿਸ ’ਤੇ ਸਬੰਧਤ ਵਿਅਕਤੀ ਹੱਥੋਪਾਈ ’ਤੇ ਉਤਰ ਆਏ। ਹਮਲਾ ਕਰਨ ਵਾਲੇ ਰੋਡ ਬੰਦ ਹੋਣ ਦਾ ਦੋਸ਼ ਕਿਸਾਨਾਂ ਸਿਰ ਲਾ ਰਹੇ ਸਨ ਜਦੋਂਕਿ ਕਿਸਾਨ ਆਗੂਆਂ ਨੇ ਸਾਫ਼ ਕੀਤਾ ਕਿ ਰੋਡ ਸਰਕਾਰ ਨੇ 8 ਫਰਵਰੀ ਤੋਂ ਜਾਮ ਕੀਤਾ ਹੋਇਆ ਹੈ। ਕਿਸਾਨ ਤਾਂ ਬਾਰਡਰ ’ਤੇ 13 ਫਰਵਰੀ ਨੂੰ ਪਹੁੰਚੇ। ਆਗੂਆਂ ਨੇ ਦੱਸਿਆ ਕਿ ਹਮਲਾਵਰਾਂ ਵਿੱਚ ਆਗੂ ਬਣ ਕੇ ਆਏ ਵਿਅਕਤੀ ਮਾਈਨਿੰਗ ਦਾ ਧੰਦਾ ਕਰਦੇ ਹਨ ਤੇ ਘੱਗਰ ਵਿੱਚੋਂ ਰੇਤਾ ਕੱਢ ਕੇ ਕਾਲਾਬਾਜ਼ਾਰੀ ਕਰਦੇ ਹਨ। ਮੋਰਚਾ ਲੱਗਿਆ ਹੋਣ ਕਾਰਨ ਕਾਲਾਬਾਜ਼ਾਰੀ ਦਾ ਧੰਦਾ ਬਿਲਕੁਲ ਬੰਦ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਸਿੱਟੇ ਚੰਗੇ ਨਹੀਂ ਹੋਣਗੇ। ਇਸ ਵੇਲੇ ਇਕ ਵੀਡੀਓ ਦਿਖਾ ਕੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਤੇ ‘ਆਪ’ ਸਰਕਾਰਾਂ ਹੁਣ ਹੁੱਲੜਬਾਜ਼ਾਂ ਨੂੰ ਭੇਜ ਕੇ ਸਾਡੇ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਅੱਜ ਇੱਥੇ ਸਵੇਰੇ ਤੋਂ ਹੀ ਆਮ ਦੀ ਤਰ੍ਹਾਂ ਸਟੇਜ ਦੀ ਕਾਰਵਾਈ ਚੱਲ ਰਹੀ ਸੀ। ਅਚਾਨਕ ਇੱਥੇ ਆਮ ਆਦਮੀ ਪਾਰਟੀ ਦੇ ਮਿੰਟੂ, ਭਾਜਪਾ ਦੇ ਸੋਨੂੰ ਰਾਜਗੜ੍ਹ ਦੀ ਅਗਵਾਈ ਵਿੱਚ ਆਏ ਹੁੱਲੜਬਾਜ਼ਾਂ ਨੇ ਇੱਥੇ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ। ਅਸੀਂ ਕੋਈ ਹੁੱਲੜਬਾਜ਼ੀ ਨਹੀਂ ਕੀਤੀ: ਬੱਤਰਾ ਅੰਬਾਲਾ ਦੇ ਕੱਪੜਾ ਮਾਰਕੀਟ ਦੇ ਪ੍ਰਧਾਨ ਵਿਸ਼ਾਲ ਬੱਤਰਾ ਨੇ ਕਿਹਾ ਕਿ ਵਪਾਰ ਵਿੱਚ ਦਿੱਕਤਾਂ ਆਉਣ ਕਾਰਨ ਉਹ ਰਸਤੇ ਨੂੰ ਸ਼ਾਂਤੀਪੂਰਵਕ ਖੁਲ੍ਹਵਾਉਣ ਲਈ ਕਿਸਾਨਾਂ ਕੋਲ ਗਏ ਸਨ। ਸਾਨੂੰ ਸਟੇਜ ’ਤੇ ਬੁਲਾਇਆ ਗਿਆ। ਜਦੋਂ ਅਸੀਂ ਸਟੇਜ ’ਤੇ ਜਾਣ ਲੱਗੇ ਤਾਂ ਸਾਡੇ ਖ਼ਿਲਾਫ਼ ਘੁਸਰ ਮੁਸਰ ਹੋਣ ਲੱਗ ਪਈ। ਇਸ ਕਾਰਨ ਉਹ ਸਟੇਜ ਤੋਂ ਹੇਠਾਂ ਉਤਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾ ਤਾਂ ਸਟੇਜ ’ਤੇ ਨਾ ਹੀ ਹੇਠਾਂ ਕੋਈ ਹੁੱਲੜਬਾਜ਼ੀ ਕੀਤੀ, ਸਾਡੇ ’ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ। ਕਿਸਾਨ ਆਗੂ ਝੂਠ ਬੋਲ ਰਹੇ ਨੇ: ਹਰਜੀਤ ਗਰੇਵਾਲ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ’ਤੇ ਅਜਿਹਾ ਕੁਝ ਵੀ ਨਹੀਂ ਹੋਇਆ। ਭਾਜਪਾ ਦਾ ਉਥੇ ਕੋਈ ਆਗੂ ਨਹੀਂ ਸੀ, ਕਿਸਾਨ ਆਗੂ ਉਂਜ ਹੀ ਝੂਠ ਬੋਲ ਰਹੇ ਹਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.