

ਪਿੰਡ ਸੇਹਰਾ ਵਿੱਚ 4 ਅਪਰੈਲ ਨੂੰ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਪ੍ਰੋਗਰਾਮ ਮੌਕੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਫੌਤ ਹੋਏ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਨਮਿੱਤ ਭੋਗ ਅੱਜ ਗੁਰਦੁਆਰਾ ਨਿੰਮ ਸਾਹਿਬ ਆਕੜ ’ਚ ਪਾਏ ਗਏ। ਕਿਸਾਨ ਯੂਨੀਅਨਾਂ ਨੇ ਸੁਰਿੰਦਰਪਾਲ ਦੀ ਪਤਨੀ ਚਰਨਜੀਤ ਕੌਰ ਤੇ ਭਤੀਜੇ ਰੇਸ਼ਮ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਸਿਰੋਪਾਓ ਅਤੇ ਪੱਗਾਂ ਦਿੱਤੀਆਂ। ਕਿਸਾਨ ਆਗੂਆਂ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਸਰਵਣ ਸਿੰਘ ਪੰਧੇਰ, ਜਗਜੀਤ ਡੱਲੇਵਾਲ ਆਦਿ ਹਾਜ਼ਰ ਸਨ। ਸਿਆਸੀ ਆਗੂਆਂ ਵਿੱਚੋਂ ਡਾ. ਧਰਮਵੀਰ ਗਾਂਧੀ, ਐੱਨ.ਕੇ. ਸ਼ਰਮਾ, ਗੁਰਲਾਲ ਘਨੌਰ, ਹਰਦਿਆਲ ਕੰਬੋਜ, ਸੁਰਜੀਤ ਗੜ੍ਹੀ, ਕਰਨੈਲ ਪੰਜੋਲੀ, ਜਸਮੇਰ ਲਾਲੜੂ, ਹੈਰੀਮਾਨ, ਚਰਨਜੀਤ ਬਰਾੜ, ਤੇਜਿੰਦਰਪਾਲ ਸੰਧੂ ਤੇ ਬਲਜਿੰਦਰ ਪਰਵਾਨਾ ਨੇ ਹਾਜ਼ਰੀ ਲਵਾਈ।