ਪਾਸਪੋਰਟ ਦਫ਼ਤਰ ਸਬੰਧੀ ਗੁਮਰਾਹਕੁਨ ਪ੍ਰਚਾਰ ਕਰ ਰਹੇ ਨੇ ਗਾਂਧੀ: ਪ੍ਰਨੀਤ ਕੌਰ
- by Aaksh News
- May 18, 2024
ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਪਟਿਆਲਾ ਸ਼ਹਿਰ ’ਚ ਪਾਸਪੋਰਟ ਦਫ਼ਤਰ ਲਿਆਉਣ ਦੇ ਕੀਤੇ ਜਾ ਰਹੇ ਦਾਅਵੇ ਨੂੰ ਝੁਠਲਾਇਆ ਹੈ। ਪ੍ਰਨੀਤ ਕੌਰ ਦਾ ਤਰਕ ਸੀ ਕਿ ਇਹ ਪਾਸਪੋਰਟ ਦਫਤਰ ਉਨ੍ਹਾਂ (ਪ੍ਰਨੀਤ ਕੌਰ) ਦੇ ਕੇਂਦਰੀ ਮੰਤਰੀ ਹੁੰਦਿਆਂ, ਪਾਸ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਇਹ ਸਥਾਪਿਤ ਉਦੋਂ ਹੋਇਆ ਜਦੋਂ ਡਾ. ਗਾਂਧੀ ਸੰਸਦ ਮੈਂਬਰ ਬਣੇ। ਉਹ ਅੱਜ ਇੱਥੇ ਕੋਰਟ ਕੰਪਲੈਕਸ ਵਿੱਚ ਬਾਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਮਨਵੀਰ ਟਿਵਾਣਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ’ਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਰਾਜਿੰਦਰਾ ਹਸਪਤਾਲ ਅਤੇ ਬਾਰ ਐਸੋਸੀਏਸ਼ਨ ਸਣੇ ਸ਼ਹਿਰ ’ਚ ਹੋਰ ਵੀ ਵਧੇਰੇ ਵਿਕਾਸ ਅਤੇ ਸੁਧਾਰ ਕਰਵਾਇਆ ਅਤੇ ਕਈ ਪ੍ਰ੍ਰਾਜੈਕਟ ਲਿਆਂਦੇ। ਰਾਜਿੰਦਰਾ ਸੁਪਰਸਪੈਸ਼ਲਿਟੀ ਹਸਪਤਾਲ ਨੂੰ ਮਾਨ ਸਰਕਾਰ ਸੁਪਰ ਸਪੈਸ਼ਲ ਡਾਕਟਰ ਨਹੀਂ ਦੇ ਸਕੀ। ‘ਆਪ’ ਸਰਕਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਵਿੱਚ ਡਾਕਟਰਾਂ ਦੀ ਘਾਟ ਹੈ ਤੇ ਦਵਾਈਆਂ ਵੀ ਸਿਰਫ਼ ਉਹੀ ਦਿੱਤੀਆਂ ਜਾਂਦੀਆਂ ਹਨ, ਜੋ ਹਰ ਕਿਸੇ ਲਈ ਸਸਤੀਆਂ ਹੋਣ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ (ਪ੍ਰਨੀਤ ਕੌਰ) ਚੋਣ ਪ੍ਰਚਾਰ ਕਰ ਕੇ ਆਪਣੀ ਡਿਊਟੀ ਕਰ ਰਹੇ ਹਨ ਅਤੇ ਕਿਸਾਨ ਆਪਣਾ ਫਰਜ਼ ਨਿਭਾਅ ਰਹੇ ਹਨ। ਪ੍ਰਨੀਤ ਕੌਰ ਨੇ ਨਾਲ਼ ਹੀ ਆਖਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਕਿਸਾਨਾਂ ਦਾ ਹਿਤਾਇਸ਼ੀ ਰਿਹਾ ਹੈ ਤੇ ਰਹੇਗਾ।

