
ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ
- by Jasbeer Singh
- December 14, 2024

ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮਾਈ ਭਾਗੋ ਏ. ਐਫ. ਪੀ. ਆਈ. ਦੀ ਕੈਡਿਟ ਅਰਸ਼ਦੀਪ ਕੌਰ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਚੰਡੀਗੜ੍ਹ, 14 ਦਸੰਬਰ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ. ਏ. ਐਸ. ਨਗਰ (ਮੋਹਾਲੀ) ਦੀ ਕੈਡਿਟ ਅਰਸ਼ਦੀਪ ਕੌਰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਬਣ ਗਈ ਹੈ । ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਵਿਖੇ ਸਿਖਲਾਈ ਮੁਕੰਮਲ ਹੋਣ ਉਤੇ ਅੱਜ ਉਸ ਨੇ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ । ਇਸ ਪ੍ਰਭਾਵਸ਼ਾਲੀ ਪਰੇਡ ਦਾ ਨਿਰੀਖਣ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏ. ਪੀ. ਸਿੰਘ, ਪੀ. ਵੀ. ਐਸ. ਐਮ., ਏ. ਵੀ. ਐਸ. ਐਮ. ਨੇ ਕੀਤਾ । ਭਾਰਤੀ ਹਵਾਈ ਸੈਨਾ ਦੀ ਮੈਟਰੀਓਲੋਜੀ ਬ੍ਰਾਂਚ ਵਿੱਚ ਫਲਾਇੰਗ ਅਫਸਰ ਵਜੋਂ ਨਿਯੁਕਤ ਅਰਸ਼ਦੀਪ ਕੌਰ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਖਮਾਣੋਂ ਵਾਸੀ ਸ. ਦਲਜਿੰਦਰ ਪਾਲ ਸਿੰਘ ਦੀ ਧੀ ਹੈ, ਜੋ ਬਿਜ਼ਨਸਮੈਨ ਹਨ । ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਫਲਾਇੰਗ ਅਫਸਰ ਅਰਸ਼ਦੀਪ ਕੌਰ ਨੂੰ ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ । ਉਨ੍ਹਾਂ ਨੇ ਆਸ ਪ੍ਰਗਟਾਈ ਕਿ ਉਸਦੀ ਸਫਲਤਾ ਪੰਜਾਬ ਦੀਆਂ ਹੋਰ ਧੀਆਂ ਨੂੰ ਵੀ ਰੱਖਿਆ ਸੇਵਾਵਾਂ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ । ਇਸ ਸੰਸਥਾ ਦੇ ਕੈਡਿਟਾਂ ਦੇ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ 'ਤੇ ਤਸੱਲੀ ਪ੍ਰਗਟ ਕਰਦਿਆਂ ਮਾਈ ਭਾਗੋ ਏ. ਐਫ. ਪੀ. ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ. ਵੀ. ਐਸ. ਐਮ. (ਸੇਵਾਮੁਕਤ) ਨੇ ਫਲਾਇੰਗ ਅਫਸਰ ਅਰਸ਼ਦੀਪ ਕੌਰ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।
Related Post
Popular News
Hot Categories
Subscribe To Our Newsletter
No spam, notifications only about new products, updates.