post

Jasbeer Singh

(Chief Editor)

Patiala News

ਕਣਕ ਦੀ ਬਿਜਾਈ ਕਰਨ ਲਈ ਕਿਸਾਨ ਡੀ.ਏ.ਪੀ ਦੇ ਬਦਲ ਵਜੋਂ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਮੁਤਾਬਕ ਹੋਰ ਫਾਸਫੋਟਿਕ ਖਾਦਾ

post-img

ਕਣਕ ਦੀ ਬਿਜਾਈ ਕਰਨ ਲਈ ਕਿਸਾਨ ਡੀ.ਏ.ਪੀ ਦੇ ਬਦਲ ਵਜੋਂ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਮੁਤਾਬਕ ਹੋਰ ਫਾਸਫੋਟਿਕ ਖਾਦਾਂ ਵੀ ਅਪਣਾਉਣ : ਡਿਪਟੀ ਕਮਿਸ਼ਨਰ ਕਿਸਾਨਾਂ ਨੂੰ ਪ੍ਰਾਈਵੇਟ ਡੀਲਰਾਂ ਕੋਲੋਂ ਖਰੀਦ ਸਮੇਂ ਬਿੱਲ ਜਰੂਰ ਲੈਣ ਦੀ ਅਪੀਲ ਕਿਸਾਨਾਂ ਨੂੰ ਖਾਦਾਂ ਦੇ ਨਾਲ ਹੋਰ ਵਾਧੂ ਉਤਪਾਦ ਖਰੀਦਣ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ ਸੰਗਰੂਰ, 5 ਅਕਤੂਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਡੀਏਪੀ ਖਾਦ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ ਪਰ ਕਿਸਾਨ ਵੀਰ ਕਣਕ ਦੀ ਬਿਜਾਈ ਕਰਨ ਲਈ ਡੀਏਪੀ ਦੇ ਬਦਲ ਵਜੋਂ ਹੋਰ ਫਾਸਫੋਟਿਕ ਖਾਦਾਂ ਦੀ ਵੀ ਵਰਤੋ ਕਰ ਸਕਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੀਏਪੀ ਖਾਦ, ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਜਾਂ ਅਣ-ਅਧਿਕਾਰਤ ਵਸੀਲੇ ਰਾਹੀਂ ਨਾ ਖਰੀਦਣ ਤਾਂ ਜੋ ਗੈਰ-ਮਿਆਰੀ ਡੀਏਪੀ ਖਾਦ ਨਾਲ ਹੋਣ ਵਾਲੇ ਵਿੱਤੀ ਨੁਕਸਾਨਾਂ ਤੋਂ ਬਚ ਸਕਣ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੀ.ਏ.ਪੀ ਦੇ ਨਾਲ-ਨਾਲ ਟ੍ਰਿਪਲ ਸੁਪਰ ਫਾਸਫੇਟ, ਐੱਨ.ਪੀ.ਕੇ, ਸਿੰਗਲ ਸੁਪਰ ਫਾਸਫੇਟ ਖਾਦ ਦਾ ਵੀ ਉਪਯੋਗ ਖੇਤੀਬਾੜੀ ਵਿਭਾਗ ਪੰਜਾਬ ਦੀਆਂ ਸਿਫਾਰਸ਼ਾਂ ਮੁਤਾਬਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਕੇਵਲ ਖੇਤੀ ਦੀ ਲਾਗਤ ਘਟੇਗੀ ਬਲਕਿ ਇਹ ਮਿੱਟੀ ਵਿੱਚ ਪੋਸ਼ਣ ਤੱਤਾਂ ਦਾ ਸੰਤੁਲਨ ਤੇ ਸਪਲਾਈ ਵੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਖਾਦਾਂ ਫਸਲਾਂ ਦੀ ਚੰਗੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ ਲਈ ਲਾਭਕਾਰੀ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨ ਨਾਲ ਝੋਨੇ ਦੀ ਕਟਾਈ ਉਤੇ ਪੂਰਨ ਪਾਬੰਦੀ ਲਗਾਈ ਗਈ ਹੈ। ਵਾਤਾਵਰਨ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਰੀਆਂ ਕੰਬਾਇਨਾਂ ਵਿੱਚ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਜ਼ਰੂਰੀ ਕਰ ਦਿੱਤਾ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੰਡੀ ਵਿੱਚ ਗਿੱਲਾ ਝੋਨਾ ਲੈ ਕੇ ਨਾ ਆਉਣ ਤਾਂ ਜੋ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ । ਡਿਪਟੀ ਕਮਿਸ਼ਨਰ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਨਾਲ ਸੰਬੰਧਿਤ ਕਿਸੇ ਵੀ ਸਮਾਨ ਦੀ ਖਰੀਦ ਮੌਕੇ ਸਬੰਧਿਤ ਡੀਲਰ ਤੋਂ ਬਿੱਲ ਜਰੂਰ ਪ੍ਰਾਪਤ ਕਰਨ। ਨਾਲ ਹੀ ਉਹਨਾਂ ਨੇ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਨਾਲ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਡੀਲਰ ਕਿਸਾਨਾਂ ਨੂੰ ਖਾਦਾਂ ਦੇ ਨਾਲ ਹੋਰ ਵਾਧੂ ਉਤਪਾਦ ਖਰੀਦਣ ਲਈ ਮਜਬੂਰ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਡੀ.ਏ.ਪੀ ਦੇ ਵਿਕਲਪ ਦੇ ਰੂਪ ਵਿੱਚ ਟ੍ਰਿਪਲ ਸੁਪਰ ਫਾਸਫੇਟ (0:46:0), ਐੱਨ.ਪੀ.ਕੇ 12:32:16, ਸਿੰਗਲ ਸੁਪਰ ਫਾਸਫੇਟ ਐੱਨ.ਪੀ.ਕੇ 16:16:16 ਅਤੇ ਐੱਨ.ਪੀ.ਕੇ 20:20:13 ਵਰਗੀ ਖਾਦ ਫਸਲਾਂ ਲਈ ਬਹੁਤ ਉਪਯੋਗੀ ਹੈ ਅਤੇ ਮਿੱਟੀ ਵਿੱਚ ਜ਼ਰੂਰੀ ਪੋਸ਼ਟਿਕ ਤੱਤਾਂ ਦੀ ਪੂਰਤੀ ਕਰਦੀ ਹੈ । ਉਨ੍ਹਾਂ ਨੇ ਵੱਖ-ਵੱਖ ਖਾਦਾਂ ਦੇ ਮਹੱਤਵ ਨੂੰ ਦੱਸਦੇ ਹੋਏ ਕਿਹਾ ਕਿ ਐੱਨ.ਪੀ.ਕੇ 12:32:16 ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਸੰਤੁਲਨ ਮਿਸ਼ਰਨ ਹੁੰਦਾ ਹੈ ਜੋ ਕਿ ਫਸਲਾਂ ਦੇ ਸ਼ੁਰੂਆਤੀ ਵਿਕਾਸ ਅਤੇ ਫੁੱਲ ਆਉਣ ਸਮੇਂ ਲਈ ਆਦਰਸ਼ ਹੈ। ਇਹ ਡੀ.ਏ.ਪੀ ਦਾ ਚੰਗਾ ਵਿਕਲਪ ਹੈ ਅਤੇ ਮਿੱਟੀ ਦੀ ਗੁਣਵੱਤਾ ਨੂੰ ਬਣਾਏ ਰੱਖਣ ਵਿੱਚ ਸਹਾਇਕ ਹੈ। ਸਿੰਗਲ ਸੁਪਰ ਫਾਸਫੇਟ ਵਿੱਚ 16 ਫੀਸਦੀ ਫਾਸਫੋਰਸ ਹੁੰਦਾ ਹੈ ਜੋ ਕਿ ਹੌਲੀ-ਹੌਲੀ ਪੌਦਿਆਂ ਨੂੰ ਉਪਲੱਬਧ ਹੁੰਦਾ ਹੈ। ਇਸ ਵਿੱਚ ਸਲਫਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ ਜੋ ਪੌਦਿਆਂ ਦੀ ਪੋਸ਼ਣ ਸਮਰੱਥਾ ਵਿੱਚ ਸੁਧਾਰ ਕਰਦਾ ਹੈ। ਇਸ ਤਰ੍ਹਾਂ ਐੱਨ.ਪੀ.ਕੇ 16:16:16 ਵਿੱਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਸਮਾਨ ਅਨੁਪਾਤ (16 ਫੀਸਦੀ ਹਰੇਕ) ਹੁੰਦਾ ਹੈ ਜੋ ਪੌਦਿਆਂ ਦੇ ਸੰਪੂਰਨ ਵਿਕਾਸ ਲਈ ਉਪਯੋਗੀ ਹੈ। ਇਹ ਖਾਦ ਪੌਦਿਆਂ ਦੀਆਂ ਜੜ੍ਹਾਂ, ਤਣੇ ਅਤੇ ਫਲਾਂ ਦੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ ਅਤੇ ਡੀ.ਏ.ਪੀ ਦਾ ਬਿਹਤਰ ਵਿਕਲਪ ਹੈ। ਇਸੇ ਤਰ੍ਹਾਂ ਟ੍ਰਿੱਪਲ ਸੁਪਰ ਫਾਸਫੇਟ 0:46:0 ਵਿੱਚ ਡੀ.ਏ.ਪੀ ਦੇ ਜਿੰਨੀ ਹੀ 46 ਫੀਸਦੀ ਫਾਸਫੇਟ ਦੀ ਮਾਤਰਾ ਹੁੰਦੀ ਹੈ ਜੋ ਕਿ ਕਣਕ ਦੀ ਬਿਜਾਈ ਲਈ ਇੱਕ ਚੰਗੀ ਉਪਯੋਗੀ ਖਾਦ ਹੈ। ਉਹਨਾਂ ਦੱਸਿਆ ਕਿ ਐੱਨ.ਪੀ.ਕੇ 20:20:13 ਵਿੱਚ 20 ਫੀਸਦੀ ਨਾਈਟ੍ਰੋਜਨ, 20 ਫੀਸਦੀ ਫਾਸਫੋਰਸ ਅਤੇ 13 ਫੀਸਦੀ ਪੋਟਾਸ਼ ਹੁੰਦਾ ਹੈ। ਇਹ ਉਹਨਾਂ ਖੇਤਾਂ ਲਈ ਬਿਹਤਰੀਨ ਹੈ ਜਿੱਥੇ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਵੱਧ ਜ਼ਰੂਰਤ ਹੁੰਦੀ ਹੈ। ਸਲਫਰ ਪੌਦਿਆਂ ਦੀ ਕੁੱਲ ਪੋਸ਼ਣ ਪ੍ਰਕਿਰਿਆ ਨੂੰ ਤੇਜ ਕਰਦਾ ਹੈ । ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਚਹਿਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਅਗਾਮੀ ਹਾੜੀ ਸੀਜਨ ਲਈ ਲੋੜੀਂਦੀ ਮਾਤਰਾ ਵਿੱਚ ਟ੍ਰਿੱਪਲ ਸੁਪਰ ਫਾਸਫੇਟ/ਡੀ.ਏ.ਪੀ/ਐੱਨ.ਪੀ.ਕੇ/ਐੱਸ.ਐੱਸ.ਪੀ ਉਪਲਬਧ ਹੈ ਕਿਉਂਕਿ ਜਿਲ੍ਹੇ ਨੂੰ ਲੋੜੀਂਦੀ ਮਾਤਰਾ ਵਿੱਚ ਡੀ.ਏ.ਪੀ ਅਤੇ ਹੋਰ ਫਾਸਫੇਟ ਖਾਦਾਂ ਪ੍ਰਾਪਤ ਹੋ ਰਹੀਆਂ ਹਨ ।

Related Post