
ਕਿਊਬਕ ਸੂਬੇ `ਚ ਦਸਤਾਰ `ਤੇ ਪਾਬੰਦੀ ਦਾ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕੀਤਾ ਸਖ਼ਤ ਵਿਰੋਧ
- by Jasbeer Singh
- September 15, 2024

ਕਿਊਬਕ ਸੂਬੇ `ਚ ਦਸਤਾਰ `ਤੇ ਪਾਬੰਦੀ ਦਾ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕੀਤਾ ਸਖ਼ਤ ਵਿਰੋਧ ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਿੱਖ ਜਿਸ ਵੀ ਦੇਸ਼ ਵਿੱਚ ਗਏ ਹਨ ਉਥੇ ਸਖ਼ਤ ਮੇਹਨਤ ਤੇ ਇਮਾਨਦਾਰੀ ਨਾਲ ਉਸ ਦੇਸ਼ ਦੀ ਖੁਸ਼ਹਾਲੀ ਲਈ ਲਕਤੋੜ ਸੰਘਰਸ਼ ਕੀਤਾ ਹੈ ਉਥੇ ਸਿੱਖਾਂ ਨੇ ਧਾਰਮਿਕ ਅਜ਼ਾਦੀ ਲਈ ਵੀ ਹਰ ਥਾਂ ਵੱਡੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਮੀਡੀਏ ਰਾਹੀਂ ਪਤਾ ਲੱਗਾ ਕਿ ਕੈਨੇਡਾ ਦੇ ਕਿਊਬਕ ਸੂਬੇ ‘ਚ ਸਰਕਾਰੀ ਅਹੁਦਿਆਂ ਤੇ ਤਾਇਨਾਤ ਸਿੱਖਾਂ ਦੇ ਦਸਤਾਰ ਸਜਾਉਣ ਤੇ ਲਾਈ ਪਾਬੰਦੀ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਊਬਕ ਸੂਬੇ ‘ਚ ਵਸਦੇ ਸਿੱਖਾਂ ਨੂੰ ਸਹਿਯੋਗੀ ਧਿਰਾਂ ਨਾਲ ਮਿਲ ਕੇ ਕਾਨੂੰਨ `ਚ ਸੋਧ ਦੀ ਅਪੀਲ ਕਰਨੀ ਚਾਹੀਦੀ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਨੇਡਾ ਦੇ ਕਿਊਬਕ ਸੂਬੇ ਦੇ ਹਾਕਮਾਂ ਨੂੰ ਬਰਤਾਨੀਆਂ ਅਤੇ ਹੋਰ ਸਾਥੀ ਦੇਸ਼ਾਂ ਤੋਂ ਸਬਕ ਲੈਣ ਲਈ ਕਿਹਾ, ਜਿਨ੍ਹਾਂ ਸਿੱਖ ਕਕਾਰਾਂ ਦੀ ਰਾਖੀ ਲਈ ਕਾਨੂੰਨ `ਚ ਸੋਧ ਕੀਤੀ ਕਰਵਾਈ ਹੈ। ਕਿਊਬਕ ਸੂਬੇ ਵਿੱਚ ਜੂਨ 2019 `ਚ ਪਾਸ ਕੀਤੇ ਗਏ ਵਿਵਾਦਤ ਕਾਨੂੰਨ ਬਿੱਲ 21 ਵਿੱਚ ਜੱਜਾਂ, ਪੁਲੀਸ ਅਧਿਕਾਰੀਆਂ, ਅਧਿਆਪਕਾਂ ਅਤੇ ਹੋਰ ਸਰਕਾਰੀ ਅਹੁਦਿਆਂ `ਤੇ ਤਾਇਨਾਤ ਵਿਅਕਤੀਆਂ ਨੂੰ ਕੰਮ ਸਮੇਂ ਕਿਰਪਾਨ, ਦਸਤਾਰ ਜਾਂ ਹਿਜਾਬ ਜਿਹੇ ਧਾਰਮਿਕ ਚਿੰਨ੍ਹ ਧਾਰਨ ਕਰਨ `ਤੇ ਪਾਬੰਦੀ ਲਾਈ ਗਈ ਹੈ। ਇਸ ਸਾਲ ਫਰਵਰੀ `ਚ ਕਿਊਬਕ ਕੋਰਟ ਆਫ਼ ਅਪੀਲ ਨੇ ਵਿਵਾਦਤ ਕਾਨੂੰਨ ਬਹਾਲ ਰੱਖਣ ਦੇ ਹੁਕਮ ਸੁਣਾਏ ਸਨ। ਉਨ੍ਹਾਂ ਕਿਹਾ ਕਿ ਕਿਊਬਕ ਸੂਬੇ ‘ਚ ਫਰਾਂਸ ਨਾਲੋਂ ਵੀ ਵਧ ਗੰਭੀਰ ਕਿਸਮ ਦਾ ਕਾਨੂੰਨ ਹੈ ਕਿਉਂਕਿ ਫਰਾਂਸ ਵਿੱਚ ਸਿਰਫ਼ ਸਰਕਾਰੀ ਸਕੂਲਾਂ `ਚ ਸਿੱਖ ਵਿਦਿਆਰਥੀਆਂ ਦੇ ਪਗੜੀ ਸਜਾਉਣ `ਤੇ ਪਾਬੰਦੀ ਹੈ। ਪਰ ਕਿਊਬਕ ਵਿੱਚ ਤਾਂ ਸਾਰੇ ਸਰਕਾਰੀ ਅਦਾਰਿਆਂ ‘ਚ ਧਾਰਮਿਕ ਚਿੰਨ੍ਹ ਪਹਿਨਣ ਤੇ ਪਾਬੰਦੀ ਲਗਾ ਦਿਤੀ ਹੈ। ਉਨ੍ਹਾਂ ਕੈਨੇਡਾ ਦੀ ਸੰਸਦ `ਚ ਸਿੱਖ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਨੇਡਾ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਵਸਦੀਆਂ ਸਿੱਖ, ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਇਸ ਮੁੱਦੇ ਨੂੰ ਕਨੂੰਨੀ ਤੌਰ ਤੇ ਲੜਨਾ ਚਾਹੀਦਾ ਹੈ ਅਤੇ ਪਾਬੰਦੀ ਖ਼ਤਮ ਕਰਵਾਉਣੀ ਚਾਹੀਦੀ ਹੈ। ਭਾਰਤ ਵਿੱਚ ਦੀਆਂ ਸਿੱਖ ਸਿਰਮੌਰ ਸੰਸਥਾਵਾਂ ਨੂੰ ਵੀ ਇਸ ਮੁੱਦੇ ਤੇ ਅਵਾਜ਼ ਚੁੱਕਣੀ ਚਾਹੀਦੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.