post

Jasbeer Singh

(Chief Editor)

Punjab

ਬੱਬਨਪੁਰ ਦੇ ਨੰਬਰਦਾਰ ਦਾ ਪਰਿਵਾਰ ਪਰਾਲੀ ਨਾ ਸਾੜਨ ਦੇ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਗਿਆ : ਵਿਕਾਸ ਹੀਰਾ

post-img

ਬੱਬਨਪੁਰ ਦੇ ਨੰਬਰਦਾਰ ਦਾ ਪਰਿਵਾਰ ਪਰਾਲੀ ਨਾ ਸਾੜਨ ਦੇ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਗਿਆ : ਵਿਕਾਸ ਹੀਰਾ ਉੱਚ ਅਧਿਕਾਰੀਆਂ ਨੂੰ ਨੰਬਰਦਾਰ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਸੂਚਿਤ ਕੀਤਾ: ਐਸ. ਡੀ. ਐਮ. ਧੂਰੀ, 2 ਨਵੰਬਰ : ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਰੋਕਥਾਮ ਲਈ ਸਬ ਡਵੀਜ਼ਨ ਧੂਰੀ ਵਿੱਚ ਜਾਗਰੂਕਤਾ ਮੁਹਿੰਮ ਜੋਸ਼ੋ ਖਰੋਸ਼ ਨਾਲ ਜਾਰੀ ਹੈ । ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ. ਡੀ. ਐਮ. ਧੂਰੀ ਵਿਕਾਸ ਹੀਰਾ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ । ਵਿਕਾਸ ਹੀਰਾ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਬੱਬਨਪੁਰ ਵਿਖੇ ਖੇਤਾਂ ਦੇ ਦੌਰੇ ਦੌਰਾਨ ਪਿੰਡ ਦੇ ਮੌਜੂਦਾ ਨੰਬਰਦਾਰ ਪਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਰਾਲੀ ਨੂੰ ਅੱਗ ਲਗਾਉਂਦੇ ਪਾਇਆ ਗਿਆ ਜਿਸ ਦੇ ਮੱਦੇਨਜ਼ਰ ਇਹ ਪਾਇਆ ਗਿਆ ਕਿ ਨੰਬਰਦਾਰ ਆਪਣੇ ਖੁਦ ਦੇ ਪਰਿਵਾਰ ਨੂੰ ਹੀ ਇਸ ਬਾਰੇ ਜਾਗਰੂਕ ਕਰਨ ਵਿੱਚ ਅਸਫਲ ਰਿਹਾ ਹੈ, ਜਿਸ ਕਾਰਨ ਨੰਬਰਦਾਰ ਦੀ ਨਿਯੁਕਤੀ ਖਾਰਜ ਕਰਨ ਸਮੇਤ ਹੋਰ ਬਣਦੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਐਸ. ਡੀ. ਐਮ. ਵਿਕਾਸ ਹੀਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਵੀ ਅਧਿਕਾਰੀ, ਕਰਮਚਾਰੀ, ਨੰਬਰਦਾਰ ਆਦਿ ਖੁਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਰਾਲੀ ਜਾਂ ਨਾੜ ਨੂੰ ਸਾੜਦੇ ਪਾਏ ਜਾਣਗੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਲਗਾਤਾਰ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਯੋਗਦਾਨ ਪਾਉਣ ਲਈ ਪਰਾਲੀ ਦਾ ਪ੍ਰਬੰਧਨ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲਾ ਜ਼ਹਿਰੀਲਾ ਧੂਆਂ ਮਨੁੱਖਤਾ, ਬਨਸਪਤੀ ਅਤੇ ਵਾਤਾਵਰਨ ਲਈ ਬਹੁਤ ਹੀ ਘਾਤਕ ਹੈ, ਜਿਸ ਤੋਂ ਮਾਰੂ ਰੋਗ ਵੀ ਪੈਦਾ ਹੁੰਦੇ ਹਨ । ਇਸ ਦੌਰਾਨ ਐਸ. ਡੀ. ਐਮ. ਨੇ ਬਰੜਵਾਲ ਅਤੇ ਬੇਨੜਾ ਦਾ ਦੌਰਾ ਕਰਕੇ ਵੀ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ ।

Related Post