ਰਾਜਨੀਤਕ ਆਗੂਆਂ ਵੱਲੋਂ ਤਖ਼ਤਾਂ ਦੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਮੰਦੀ ਸ਼ਬਦਾਵਲੀ ਅਤੀ ਨਿੰਦਣਯੋਗ: ਬਾਬਾ ਬਲਬੀਰ ਅਕਾਲੀ 96
- by Jasbeer Singh
- October 17, 2024
ਰਾਜਨੀਤਕ ਆਗੂਆਂ ਵੱਲੋਂ ਤਖ਼ਤਾਂ ਦੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਮੰਦੀ ਸ਼ਬਦਾਵਲੀ ਅਤੀ ਨਿੰਦਣਯੋਗ: ਬਾਬਾ ਬਲਬੀਰ ਅਕਾਲੀ 96 ਕਰੋੜੀ ਕਿਸੇ ਵਿਸ਼ੇਸ਼ ਵਿਅਕਤੀ ਦੇ ਇਸ਼ਾਰੇ ਜਾਂ ਪ੍ਰਭਾਵ ਥੱਲੇ ਲਿਆ ਫੈਸਲਾ ਕੌਮੀ ਤੌਰ ਤੇ ਘਾਤਕ ਸਿੱਧ ਹੋਵੇਗਾ ਅੰਮ੍ਰਿਤਸਰ : ਮੌਜੂਦਾ ਧਾਰਮਿਕ ਰਾਜਨੀਤਕ ਸਮਾਜਿਕ ਹਲਾਤਾਂ ਤੇ ਸਖ਼ਤ ਟਿਪਣੀ ਕਰਦਿਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸਮੁੱਚੇ ਨਿਹੰਗ ਸਿੰਘਾਂ ਵੱਲੋਂ ਕਿਹਾ ਕਿ ਗੁਰੂ ਸਾਹਿਬਾਨ ਦੇ ਤਖ਼ਤਾਂ ਤੇ ਸੁਭਾਏਮਾਨ ਜਥੇਦਾਰ ਸਾਹਿਬਾਨਾਂ ਨੂੰ ਇਤਿਹਾਸ ਤੋਂ ਸੇਧ ਲੈਂਦਿਆਂ ਇਤਿਹਾਸਕ ਤੌਰ ਤੇ ਕੌਮ ਦੀ ਬਿਗੜੀ ਨੂੰ ਸੰਵਾਰਨ ਵਾਲੇ ਬਿਨ੍ਹਾਂ ਕਿਸੇ ਲਗਲਗਾ ਅਤੇ ਬਿਨ੍ਹਾਂ ਕਿਸੇ ਭੈਅ ਦੇ ਨਿਰਪੱਖਤਾ ਵਾਲੇ ਫੈਸਲੇ ਖੁਲ੍ਹਦਿਲੀ ਨਾਲ ਲੈਣ ਚਾਹੀਦੇ ਹਨ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਪੂਰੀ ਕੌਮ ਉਨ੍ਹਾਂ ਨੂੰ ਪੂਰਨ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਲਏ ਫੈਸਲਿਆਂ ਨੂੰ ਸਨਮੁਖ ਰੱਖ ਕੇ ਗੁਰੂ ਦੇ ਤਖ਼ਤ ਸਾਹਿਬਾਨ ਦੀ ਅਜਮਤ ਤੇ ਸਤਿਕਾਰ ਨੂੰ ਸਭ ਤੋਂ ਉਪਰ ਰੱਖ ਕੇ ਫੈਸਲੇ ਕਰਨੇ ਤੇ ਸਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿਸੇ ਵਿਸ਼ੇਸ਼ ਵਿਅਕਤੀ ਦੇ ਇਸ਼ਾਰੇ ਜਾਂ ਪ੍ਰਭਾਵ ਥੱਲੇ ਲਿਆ ਫੈਸਲਾ ਕੌਮੀ ਤੌਰ ਤੇ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੁਰਾਤਨ ਪਰੰਪਰਾ ਅਨੁਸਾਰ ਹੁਕਮ, ਉਦੇਸ਼, ਸੰਦੇਸ਼ ਦਾ ਸਤਿਕਾਰ ਏਨਾ ਉੱਚਾ ਸੁੱਚਾ ਤੇ ਸਰਵੋਤਮ ਹੋਣਾ ਚਾਹੀਦਾ ਹੈ ਕਿ ਵਿਸ਼ਵ ਭਰ ਦੇ ਸਿੱਖ ਸੀਸ ਨਵਾ ਕੇ ਜੈਕਾਰੇ ਛੱਡਦੇ ਪੁਰਾਤਨ ਰਵਾਇਤ ਅਨੁਸਾਰ ਇਸ ਨੂੰ ਖਿੜੇ ਮੱਥੇ ਹੱਸਦੇ ਪ੍ਰਵਾਨ ਕਰਨ। ਪਿਛਲੇ ਕੁੱਝ ਦਿਨਾਂ ਤੋਂ ਜੋ ਘਟਨਾਕ੍ਰਮ ਵਾਪਰਿਆ ਹੈ ਉਸ ਤੋਂ ਸਾਡਾ ਹਰ ਸਿੱਖ ਦਾ ਹਿਰਦਾ ਦੁਖੀ ਹੋਇਆ ਹੈ। ਸਾਡੀ ਕਿਸੇ ਨਾਲ ਨਿਜੀ ਰੰਜਸ਼ ਜਾਂ ਦੁਸ਼ਮਣੀ ਤਾਂ ਨਹੀਂ ਹੈ, ਪਰ ਮਰਯਾਦਾ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਢਾਅ ਨਹੀਂ ਲਗਣੀ ਚਾਹੀਦੀ। ਨਿਹੰਗ ਸਿੰਘ ਜਥੇਬੰਦੀਆਂ ਦੀ ਸਾਰੇ ਘਟਨਾਕ੍ਰਮ ਤੇ ਪੂਰੀ ਤਰ੍ਹਾਂ ਬਾਜ ਨਜ਼ਰ ਹੈ ਲੋੜਪੈਣ ਤੇ ਮਰਯਾਦਾ ਦੀ ਰੱਖਿਆ ਲਈ ਗੁਰਮਤਾ ਸੋਧਾਂਗੇ। ਰਾਜਨੀਤਕ ਲੋਕ ਆਪਣੀ ਹੱਦ ਪਾਰ ਨਾ ਕਰਨ । ਉਨ੍ਹਾਂ ਕਿਹਾ ਰਾਜਨੀਤਕ ਆਗੂਆਂ ਵੱਲੋਂ ਸੋੜੀ ਰਾਜਨੀਤੀ ਕਰਨਾ, ਕਿਸੇ ਵਿਸ਼ੇਸ਼ ਵਿਅਕਤੀ ਨੂੰ ਬਿਨ੍ਹਾਂ ਵਜਾ ਨਿਸ਼ਾਨਾ ਬਨਾਉਣਾ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨਮਰਜ਼ੀ ਦੇ ਫੈਸਲੇ ਕਰਾਉਣ ਲਈ ਜਥੇਦਾਰ ਸਾਹਿਬ ਦੀ ਕਿਰਦਾਰ ਕੁਸ਼ੀ ਕਰਨੀ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਧਮਕੀਆਂ ਦੇਣੀਆਂ, ਰਾਜਨੀਤਕ ਗੁੰਡਾ ਗਰਦੀ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ। ਸ਼੍ਰੋਮਣੀ ਕਮੇਟੀ ਦੀ ਦਬੀ ਜ਼ੁਬਾਨ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰ ਰਹੀ ਹੈ। ਉਨ੍ਹਾਂ ਕਿਹਾ ਫਿਰ ਕੂੜ ਪ੍ਰਚਾਰ ਕਰਨ ਦਾ ਭੁਗਤਾਨ ਤਾਂ ਅਕਾਲ ਪੁਰਖ ਵੱਲੋਂ ਦਿਤੇ ਦੰਡਾਂ ਰਾਹੀਂ ਭੁਗਤਨਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਪਿਛਲੇ ਕਈ ਦਿਹਾਕਿਆਂ ਤੋਂ ਅਕਾਲੀ ਦਲ ਨੇ ਸਿੱਖ ਧਰਮ ਅਤੇ ਇਸ ਦੀਆਂ ਸ਼ਾਨਾਮੱਤੀਆਂ, ਬੇਸ਼ਕੀਮਤੀ ਰਹੁਰੀਤਾਂ, ਪਰੰਪਰਾਵਾਂ ਨੂੰ ਵੱਡੀ ਢਾਅ ਲਾਈ ਹੈ, ਜਿਸ ਕਾਰਨ ਆਮ ਜਨਤਾ ਖਾਸ ਕਰ ਸਿੱਖ ਕੌਮ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਵਿਸ਼ਵ ਪੱਧਰ ਤੇ ਵੱਸੇ ਸਿੱਖ ਅਕਾਲੀ ਕਹਾਉਣ ‘ਚ ਫਖ਼ਰ ਮਹਿਸੂਸ ਕਰਦੇ ਸਨ ਅੱਜ ਅਕਾਲੀ ਦਲ ਦੇ ਕਾਰਕੁੰਨਾਂ ਨੂੰ ਵੀ ਭਾਰੀ ਨਮੋਸੀ ਤੇ ਨਿਰਾਸਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਕਾਲੀ ਦਲ ਨੂੰ ਆਦੇਸ਼ ਦਿਤਾ ਗਿਆ ਸੀ ਕਿ ਵਿਰਸਾ ਸਿੰਘ ਵਲਟੋਹਾ ਨੂੰ 24 ਘੰਟੇ ਦੇ ਅੰਦਰ ਪਾਰਟੀ ‘ਚ ਖਾਰਜ ਕੀਤਾ ਜਾਵੇ ਪਰ ਉਲਟ ਦਿਸ਼ਾ ਵਿੱਚ ਉਸ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਹੈ। ਇਹ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮਰਯਾਦਾ ਦਾ ਉਲੰਘਣ ਹੈ। ਜੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮ-ਅਦੇਸ਼-ਸੰਦੇਸ਼ ਪਾਲਣ ਨਹੀਂ ਕਰੇਗੀ ਫਿਰ ਹੋਰ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਅਕਾਲ ਤਖ਼ਤ ਸਾਹਿਬ ਫੌਰੀ ਤੌਰ ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਇੱਕਤਰਤਾ ਸੱਦ ਕੇ ਸਮੁੱਚੀ ਰਾਏ ਲੈ ਕੇ ਗੁਰਮਤਾ ਕਰਨ। ਇਹ ਸਾਰਾ ਕੁੱਝ ਅਕਾਲੀ ਦਲ ਦੇ ਮੁਖੀ ਆਗੂਆਂ ਦੇ ਕਾਰਨ ਹੀ ਹੋਇਆ ਹੈ ਤੇ ਇਹੋ ਹੀ ਦੋਸ਼ੀ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਖਾਲਸਾ ਪੰਥ ਦੀ ਬਖਸ਼ੀ ਮਰਯਾਦਾ ਵਿੱਚ ਅਤੇ ਅਕਾਲ ਪੁਰਖ ਦੀ ਭੈਅ ਭਾਵਨੀ ਵਿੱਚ ਲੋਕਪੱਖੀ, ਕੌਮਪੱਖੀ, ਚੜ੍ਹਦੀਕਲਾ ਵਾਲੇ ਨਿਰਪੱਖ, ਗੁਰੂ ਸੋਭਾ ਨੂੰ ਵਧਾਉਣ ਵਾਲੇ ਬੇਖੌਫ ਫੈਸਲੇ ਲੈਣੇ ਚਾਹੀਦੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.